- ਵੱਧ ਤੋਂ ਵੱਧ ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ
ਮੋਗਾ 14 ਅਕਤੂਬਰ : ਆਧਾਰ ਕਾਰਡ ਹਰ ਇੱਕ ਵਿਅਕਤੀ ਦਾ ਇੱਕ ਅਹਿਮ ਦਸਤਾਵੇਜ਼ ਹੈ ਜਿਸ ਰਾਹੀਂ ਹੀ ਸਾਰੀਆਂ ਸਰਕਾਰੀ ਗੈਰ ਸਰਕਾਰੀ ਸਕੀਮਾਂ ਦਾ ਲਾਹਾ ਵਿਅਕਤੀ ਨੂੰ ਮਿਲਦਾ ਹੈ। ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਵਿਅਕਤੀਆਂ ਵੱਲੋਂ ਆਪਣੇ ਆਧਾਰ ਕਾਰਡਾਂ ਨੂੰ ਅਪਡੇਟ ਨਹੀਂ ਕਰਵਾਇਆ ਜਾਂਦਾ ਜਿਸ ਨਾਲ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਵਿੱਚ ਮੁਸ਼ਕਿਲ ਪੇਸ਼ ਆ ਜਾਂਦੀ ਹੈ ਇਸ ਲਈ ਹਰੇਕ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਰੇਕ ਵਿਅਕਤੀ ਦੇ ਆਧਾਰ ਕਾਰਡ ਦੀ ਇੰਨਰੋਲਮੇਂਟ ਅਤੇ ਇਸਦੀ ਅਪਡੇਸ਼ਨ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੋਗਾ ਦੇ ਹਰੇਕ ਬਲਾਕ ਦੇ ਚੋਣਵੇਂ ਪਿੰਡਾਂ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਧਾਰ ਕਾਰਡ ਇੰਨਰੋਲਮੇਂਟ ਅਤੇ ਅਪਡੇਸ਼ਨ ਕੈਂਪਾਂ ਦਾ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਅਕਤੂਬਰ ਨੂੰ ਮੋਗਾ -1 ਦੇ ਵਾਰਡ ਨੰਬਰ 7 ਬੇਦੀ ਨਗਰ, ਸਰਕਾਰੀ ਪ੍ਰਾਇਮਰੀ ਸਕੂਲ ਨੱਥੂਵਾਲਾ ਜਦੀਦ ਵਿਖੇ, ਮੋਗਾ -2 ਦੇ ਸਰਕਾਰੀ ਪ੍ਰਾਇਮਰੀ ਸਕੂਲ ਮਨਾਵਾਂ ਅਤੇ ਆਂਗਣਵਾੜੀ ਸੈਂਟਰ ਸਾਫੂਵਾਲਾ ਵਿਖੇ, ਬਲਾਕ ਬਾਘਾਪੁਰਾਣਾ ਦੇ ਬੁੱਧ ਸਿੰਘ ਵਾਲਾ ਅਤੇ ਚੰਨੁਵਾਲਾ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਲਾਕ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਲੋਪੋ, ਬਲਾਕ ਧਰਮਕੋਟ ਦੇ ਪਿੰਡ ਕੋਕਰੀ ਵੇਹਣੀਵਾਲ ਦੇ ਆਂਗਣਵਾੜੀ ਸੈਂਟਰ ਅਤੇ ਪਿੰਡ ਕੋਟ ਮੁਹੰਮਦ ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸੰਬਧਤ ਪਿੰਡਾਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਜਿਕਰਯੋਗ ਹੈ ਕਿ ਇਹ ਕੈਂਪ 30 ਅਕਤੂਬਰ ਤੱਕ ਵੱਖ ਵੱਖ ਪਿੰਡਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਲਗਾਏ ਜਾਣਗੇ।