- 40 ਦਿਨਾਂ ਵਿੱਚ ਮੋਗਾ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਕੀਤਾ ਜਾਵੇਗਾ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ-ਡਿਪਟੀ ਕਮਿਸ਼ਨਰ
- ਵੈਨਾਂ ਰਾਹੀਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਸਾਹਿਤ ਦੀ ਵੀ ਕੀਤੀ ਜਾਵੇਗੀ ਵੰਡ
ਮੋਗਾ 25 ਸਤੰਬਰ : ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਅਤੇ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਵੱਲੋਂ ਤਿਆਰ ਕੀਤੀਆਂ ਦੋ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵੈਨਾਂ ਦਾ ਮੁੱਖ ਮੰਤਵ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕਰਨਾ, ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਦੇ ਫਾਇਦੇ ਦੱਸਣੇ ਅਤੇ ਅੱਗ ਲਾਉਣ ਦੇ ਨੁਕਸਾਨਾਂ ਸਬੰਧੀ ਜਾਗਰੂਕ ਕਰਨਾ ਹੈ। ਇਹ ਵੈਨਾਂ ਜ਼ਿਲ੍ਹੇ ਦੇ ਸਾਰੇ ਹੀ ਪਿੰਡਾਂ ਵਿਚ 40 ਦਿਨ ਲਗਾਤਾਰ ਪ੍ਰਚਾਰ ਕਰਨਗੀਆਂ ਅਤੇ ਪਿੰਡ ਪੱਧਰ ਤੇ ਲਗਾਏ ਜਾਣ ਵਾਲੇ ਕੈਂਪਾਂ ਵਿਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ ਕਰਨਗੀਆਂ। ਇਨ੍ਹਾਂ ਵੈਨਾਂ ਰਾਹੀਂ ਝੋਨੇ ਦੀ ਪਰਾਲੀ ਨੂੰ ਵੱਖ ਵੱਖ ਤਰੀਕਿਆਂ ਨਾਲ ਪ੍ਰਬੰਧਨ ਕਰਨ ਸਬੰਧੀ ਸਾਹਿਤ ਵੀ ਵੰਡਿਆ ਜਾਵੇਗਾ। ਇਹ ਪ੍ਰਚਾਰ ਵੈਨਾਂ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਨਗੀਆਂ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਆਪਣੇ ਖੇਤਾਂ ਵਿਚ ਹੀ ਵਾਹ ਕੇ ਜਾਂ ਇਸ ਦੀਆਂ ਗੱਠਾਂ ਬੰਨਵਾ ਕੇ ਇਸ ਦੀ ਸੁੱਚਜੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਆਪਣਾ ਬਹੁਮੁੱਲਾ ਯੋਗਦਾਨ ਦੇਣ। ਉਨ੍ਹਾਂ ਦੱਸਿਆ ਕਿ ਹੁਣ ਤਾਂ ਕਿਸਾਨਾਂ ਦੀ ਸਹੂਲਤ ਲਈ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ ਜਿਹਨ੍ਹਾਂ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਜਰੂਰਤ ਹੀ ਨਹੀਂ ਹੁੰਦੀ, ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਸਿੱਧੇ ਹੀ ਕਣਕ ਦੀ ਬਿਜਾਈ ਕਰ ਸਕਦਾ ਹੈ। ਵੈਨਾਂ ਦੀ ਰਵਾਨਗੀ ਸਮੇਂ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀਮਤੀ ਚਾਰੂ ਮਿਤਾ, ਮੁੱਖ ਖੇਤੀਬਾੜੀ ਅਫ਼ਸਰ ਡਾ: ਮਨਜੀਤ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫਸਰ ਡਾ: ਜਸਵਿੰਦਰ ਸਿੰਘ ਬਰਾੜ, ਖੇਤੀਬਾੜੀ ਅਫਸਰ ਮੋਗਾ ਡਾ: ਸੁਖਰਾਜ ਦਿਓਲ, ਬਲਾਕ ਖੇਤੀਬਾੜੀ ਅਫਸਰ ਡਾ: ਗੁਰਪ੍ਰੀਤ ਸਿੰਘ, ਇੰਜਨੀਅਰ ਸਤਿੰਦਰਪਾਲ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਭਾਗ ਦਾ ਸਟਾਫ਼ ਹਾਜ਼ਰ ਸੀ।