ਮਾਨਸਾ, 19 ਅਕਤੂਬਰ : ਉਪ ਮੰਡਲ ਮੈਜਿਸਟਰੇਟ ਮਾਨਸਾ, ਸ੍ਰੀ ਪ੍ਰਮੋਦ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਲਾਕ ਮਾਨਸਾ ਦੇ ਪਿੰਡ ਬੁਰਜ ਰਾਠੀ, ਮੂਸਾ ਅਤੇ ਦਲੇਲ ਸਿੰਘ ਵਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਪੇਟਿੰਗ, ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦਿੱਤੀ। ਇਸ ਮੌਕੇ ਡਾ.ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਪਰਾਲੀ ਸਾੜਨ ਨਾਲ ਮਿੱਟੀ ਅਤੇ ਵਾਤਾਵਰਣ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਸਬੰਧੀ ਜਾਣੂ ਕਰਵਾਇਆ ਅਤੇ ਪਰਾਲੀ ਪ੍ਰਬੰਧਨ ਲਈ ਉਪਲੱਬਧ ਮਸ਼ੀਨਰੀ ਅਤੇ ਯੋਗ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ.ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਝੋਨੇ ਦੀ ਫਸਲ ਰਾਹੀਂ ਧਰਤੀ ਵਿੱਚੋਂ ਪ੍ਰਾਪਤ ਕੀਤੇ ਖਰਾਕੀ ਤੱਤਾਂ ਵਿੱਚੋਂ 25 ਫ਼ੀਸਦੀ ਨਾਈਟਰੋਜਨ/ਫਾਸਫੋਰਸ,50 ਫ਼ੀਸਦੀ ਗੰਧਕ ਅਤੇ 75 ਫ਼ੀਸਦੀ ਪੋਟਾਸ਼ ਤੱਤ ਪਰਾਲੀ ਵਿੱਚ ਵੀ ਰਹਿ ਜਾਂਦੇ ਹਨ,ਜਿਸ ਕਰਕੇ ਕਿਸਾਨ ਆਪਣੀ ਜਮੀਨ ਲਈ ਪ੍ਰਤੀ ਟਨ ਨਾੜ ਵਿੱਚੋਂ 4 ਤੋਂ 5.5 ਕਿਲੋ ਨਾਈਟਰੋਜਨ 2 ਤੋਂ 2.5 ਕਿਲੋ ਫਾਸਫੋਰਸ,15 ਤੋਂ 25 ਕਿਲੋ ਪੋਟਾਸ਼,1.2 ਕਿਲੋ ਗੰਧਕ ਅਤੇ 400 ਕਿਲੋ ਜੈਵਿਕ ਕਾਰਬਨ ਪ੍ਰਾਪਤ ਕੀਤੇ ਜਾ ਸਕਦੇ ਹਨ। ਡਾ.ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਜਮੀਨ ਦੀ ਸਿਹਤ ਦਾ ਨੁਕਾਸਨ ਹੋ ਰਿਹਾ ਹੈ ਉੱਥੇ ਵਾਤਾਵਰਨ ਪ੍ਰਦੂਸਿਤ ਹੁੰਦਾ ਹੈ, ਜਿਸ ਨਾਲ ਸਾਂਹ ਰੋਗ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਮਨੋਜ਼ ਕੁਮਾਰ ਖੇਤੀਬਾੜੀ ਅਫਸਰ ਮਾਨਸਾ ਨੇ ਪੇਟਿੰਗ,ਲੇਖ ਲਿਖਣ ਅਤੇ ਭਾਸ਼ਣ ਮੁਕਾਬਲਿਆਂ ਵਿੱਚੋਂ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਦੇ ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਭੋਗਲ ਦੀ ਹਾਜ਼ਰੀ ਵਿੱਚ ਪੇਟਿੰਗ, ਲੇਖ ਅਤੇ ਭਾਸ਼ਣ ਮੁਕਾਬਲਿਆਂ ਲਈ ਸ੍ਰੀ ਗੁਰਪ੍ਰੀਤ ਸਿੰਘ ਹਿੰਦੀ ਅਧਿਆਪਕ, ਸ੍ਰੀ ਮੁਕੇਸ਼ ਕੁਮਾਰ ਕੰਪਿਊਟਰ ਫੈਕਲਟੀ, ਸ੍ਰੀਮਤੀ ਅਮਨਦੀਪ ਕੌਰ ਅੰਗਰੇਜੀ ਮਿਸਟ੍ਰਰੈਸ ਅਤੇ ਸ੍ਰੀਮਤੀ ਪਰਮਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਹਰਵਿੰਦਰ ਕੌਰ ਕਲਾਸ ਸੱਤਵੀਂ, ਰਾਜਵੀਰ ਕੌਰ ਕਲਾਸ ਨੌਵੀਂ ਅਨੂੰਰੀਤ ਕੌਰ ਕਲਾਸ ਛੇਵੀਂ, ਦਿਲਪ੍ਰੀਤ ਕੌਰ ਕਲਾਸ ਦਸਵੀਂ, ਰੁਪਿੰਦਰ ਕੌਰ ਕਲਾਸ ਦਸਵੀਂ, ਅਮਨਦੀਪ ਕੌਰ ਕਲਾਸ ਨੌਵੀਂ ਅਤੇ ਨਵਜੋਤ ਕੌਰ ਕਲਾਸ ਅੱਠਵੀ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਸ੍ਰੀ ਗੁਰਬਖਸ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਗੁਰਵਿੰਦਰ ਸਿੰਘ ਅਤੇ ਕਿਸਾਨ ਮਿੱਤਰ ਹਾਜਿਰ ਸਨ।