ਵਿਦੇਸ਼ਾਂ ਵਿੱਚ ਜਾਣ ਸਮੇਂ ਹੋਈ ਧੋਖਾਧੜੀ ਬਾਰੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਕੀਤਾ ਜਾਵੇ ਸੰਪਰਕ

ਫ਼ਤਹਿਗੜ੍ਹ ਸਾਹਿਬ, 20 ਅਕਤੂਬਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨਾਲ ਵਿਦੇਸ਼ ਜਾਣ ਸਮੇਂ ਹੋ ਰਹੀ ਧੋਖਾਧੜੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ-2012 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ-2014 ਅਧੀਨ ਵਿਦੇਸ਼ਾਂ ਵਿੱਚ ਪੜਾਈ ਅਤੇ ਰੋਜ਼ਗਾਰ ਆਦਿ ਵਿੱਚ ਹੁੰਦੀ ਧੋਖਾਧੜੀ ਸਬੰਧੀ ਸਿਕਾਇਤ ਕਰਜ਼ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਂਇੰਟ ਬਣਾਇਆ ਗਿਆ ਹੈ ਜਿਥੇ ਕਿ ਰਜਿਸਟਰ/ਅਣ ਰਜਿਸਟਰ ਟਰੈਵਲ ਏਜੰਟਸ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਵਿਦੇਸ਼ ਜਾਣ ਸਮੇਂ ਧੋਖੇ ਦਾ ਸ਼ਿਕਾਰ ਹੋਇਆ ਕੋਈ ਵੀ ਵਿਅਕਤੀ ਆਪਣੀ ਲਿਖਤੀ ਸ਼ਿਕਾਇਤ ਨੋਡਲ ਪੁਆਂਇੰਟ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 119 ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਯੋਗ ਪਹਿਚਾਣ ਪੱਤਰ ਵਿਖਾ ਕੇ ਦਰਜ਼ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਪਤ ਹੋਈ ਸਿਕਾਇਤ ਬਾਰੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 7 ਦਿਨਾਂ ਵਿੱਚ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਜੇਕਰ ਉਸ ਦੇ ਧਿਆਨ ਵਿੱਚ ਕੋਈ ਟਰੈਵਲ ਏਜੰਟ ਬਿਨਾਂ ਲਾਇਸੈਂਸ ਜਾਂ ਮਿਆਦ ਖ਼ਤਮ ਹੋ ਚੁੱਕੇ ਜਾਂ ਅਣ-ਰਜਿਸਟਰਡ ਏਜੰਟ ਆਉਂਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਰਿਪੋਰਟ ਦਰਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵਿੱਚ ਮਾਮਲਾ ਦਰਜ਼ ਹੋਣ ਤੋਂ ਬਾਅਦ ਤੁਰੰਤ ਟਰੈਵਲ ਏਜੰਟਾਂ ਦੀ ਸੂਚਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ ਤੇ ਪਾਈ ਜਾਵੇਗੀ ਤਾਂ ਜੋ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।  ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨਾਲ ਵਿਦੇਸ਼ ਜਾਣ ਸਮੇਂ ਕੋਈ ਧੋਖਾਧੜੀ ਹੋਈ ਹੋਵੇ ਤਾਂ ਉਹ ਤੁਰੰਤ ਆਪਣੀ ਸ਼ਿਕਾਇਤ ਨੋਡਲ ਪੁਆਂਇੰਟ ਵਿਖੇ ਦਰਜ਼ ਕਰਵਾਉਣ ਤਾਂ ਜੋ ਸਬੰਧਤ ਏਜੰਟ ਵਿਰੁੱਧ ਕਾਨੁੰਨੀ ਕਾਰਵਾਈ ਕੀਤੀ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਇਨ ਨੰਬਰ 99156-82436 ਤੇ ਸੰਪਰਕ ਕੀਤਾ ਜਾ ਸਕਦਾ ਹੈ।