- ਕਿਸਾਨ ਵੀਰ ਇਨ੍ਹਾਂ ਸੰਦਾਂ ਦੀ ਮਦਦ ਨਾਲ ਪਰਾਲੀ ਦਾ ਪ੍ਰਬੰਧਨ ਖੇਤਾਂ ਵਿਚ ਹੀ ਕਰਨ, ਡਿਪਟੀ ਕਮਿਸ਼ਨਰ
- ਸੀ. ਆਈ. ਆਈ. ਨੇ ਗੁਡ ਈਅਰ ਨਾਲ ਰਲ ਕੇ ਦਿੱਤੇ ਸੰਦ
ਬਰਨਾਲਾ, 27 ਅਕਤੂਬਰ : ਕਾਨਫੇਡਰੇਸ਼ਨ ਆਫ ਇੰਡੀਅਨ ਇੰਡਸਟਰੀ ਵੱਲੋਂ ਜ਼ਿਲ੍ਹਾ ਬਰਨਾਲਾ ਦੇ 29 ਪਿੰਡਾਂ ਨੂੰ ਪਰਾਲੀ ਪ੍ਰਬੰਧਨ ਲਈ 1.5 ਕਰੋੜ ਰੁਪਏ ਦੇ ਖੇਤੀ ਸੰਦ 29 ਪਿੰਡਾਂ ਨੂੰ ਦਾਣਾ ਮੰਡੀ ਧੌਲਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਭੇਂਟ ਕੀਤੇ ਗਏ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਸੰਦਾਂ ਦੀ ਮਦਦ ਨਾਲ ਕਿਸਾਨ ਵੀਰ ਪਰਾਲੀ ਦਾ ਪ੍ਰਬੰਧਨ ਖੇਤਾਂ ਵਿੱਚ ਹੀ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅਗ ਨਾ ਲਗਾ ਕੇ ਨਾ ਸਿਰਫ ਵਾਤਾਵਰਣ ਬਚਾਉਣ ਵਿਚ ਯੋਗਦਾਨ ਪਾਉਣ ਬਲਕਿ ਖੇਤਾਂ ਚ ਲੱਗੀ ਅੱਗ ਕਾਰਨ ਮਾਰਨ ਵਾਲੇ ਮਿੱਤਰ ਕੀੜੇ ਅਤੇ ਪੰਛੀਆਂ ਦੀ ਜਾਂ ਵੀ ਬਚਾਉਣ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸਨ 2022 ਚ 15 ਪਿੰਡਾਂ ਨੂੰ 35 ਸੰਦ ਖੇਤਾਂ ਚ ਪਰਾਲੀ ਸਾਂਭਣ ਲਈ ਦਿਤੇ ਗਏ ਸਨ ਅਤੇ ਹੁਣ ਇਸ ਸਾਲ 29 ਪਿੰਡਾਂ ਨੂੰ 36 ਮਸ਼ੀਨਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਚ ਸੁਪਰ ਸੀਡਰ, ਸਮਾਰਟ ਸੀਡਰ, ਰੋਟਾਵੇਟਰ (ਬੀਜ ਡਰਿੱਲ ਨਾਲ), ਮਲਚਰ ਅਤੇ ਹੱਲ ਸ਼ਾਮਲ ਹਨ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੰਦ ਉੱਗੋਕੇ, ਜਗਜੀਤਪੁਰਾ, ਨਾਨਕਪੁਰਾ, ਸੰਤਪੁਰਾ, ਧੌਲਾ, ਪੱਖੋਂ ਕਲਾਂ, ਰੂੜੇਕੇ ਖੁਰਦ, ਛਾਪਾ, ਹਰਦਾਸਪੁਰਾ, ਮੌੜ ਮਕਸੂਦਾਂ, ਧਰਮਪੁਰਾ ਮੌੜ, ਜੰਡਸਰ, ਬੱਲੋਕੇ, ਜੈਮਲ ਸਿੰਘ ਵਾਲਾ, ਭੋਤਨਾ, ਤਾਜੋਕੇ ਕਲਾਂ, ਤਾਜੋਕੇ ਖੁਰਦ, ਢਿਲਵਾਂ, ਛੰਨਾ ਗੁਲਾਬ ਸਿੰਘ, ਨੈਣੇਵਾਲ, ਸੰਧੂ ਕਲਾਂ, ਸੇਖਾ, ਭੈਣੀ ਫੱਤਾ, ਦਰਾਜ, ਦਰਕਾ, ਖੁੱਡੀ ਖੁਰਦ, ਛੀਨੀਵਾਲ, ਗਹਿਲ ਅਤੇ ਨਰਾਇਣਗੜ੍ਹ ਸੋਹੀਆਂ ਵਿਖੇ ਦਿੱਤੇ ਗਏ ਹਨ । ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਮੁਖ ਖੇਤੀਬਾੜੀ ਅਫਸਰ ਦਾ ਜਗਦੀਸ਼ ਸਿੰਘ, ਡਾ ਤੇਜੇਸ਼ਵਰ ਸਿੰਘ, ਸਹਾਇਕ ਰਜਿਸਟਰਾਰ ਰੁਪਿੰਦਰ ਸਿੰਘ, ਅਨੁਜ ਠੱਕਰ, ਦੀਪਕ ਮਹਿਰਾ, ਸਰਪੰਚ, ਪੰਚ ਅਤੇ ਹੋਰ ਲੋਕ ਵੀ ਹਾਜ਼ਰ ਸਨ ।