ਨੂਰਪੁਰ ਬੇਦੀ ਨੇੜੇ ਵਾਪਰੇ ਸੜਕ ਹਾਦਸੇ 'ਚ ਜੀਜਾ-ਸਾਲੇ ਦੀ ਮੌਤ

ਨੂਰਪੁਰ ਬੇਦੀ, 29 ਸਤੰਬਰ : ਬੁੰਗਾ ਸਾਹਿਬ ਮਾਰਗ ਤੇ ਸਥਿਤ ਪਿੰਡ ਬੜਵਾ ਨੇੜੇ ਸੜਕ ਕਿਨਾਰੇ ਡਿੱਗੇ ਇੱਕ ਦਰੱਖਤ ਨਾਲ ਮੋਟਰਸਾਈਕਲ ਟਕਰਾ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕ ਦੋਵੇਂ ਨੌਜਵਾਨ ਆਪਸ ‘ਚ ਜੀਜਾ-ਸਾਲਾ ਸਨ। ਮ੍ਰਿਤਕਾਂ ਦੀ ਪਹਿਚਾਣ ਨਦੀਮ ਅਤੇ ਅਮੀਰ ਨਿਵਾਸੀ ਪਿੰਡ ਹਜੀਆਪੁਰ, ਥਾਣਾ ਬਾਰਾਤਰੀ ਬਰੇਲੀ (ਉੱਤਰ ਪ੍ਰਦੇਸ਼) ਹਾਲ ਵਾਸੀ ਨੂਰਪੁਰ ਬੇਦੀ ਵਜੋਂ ਹੋਈ ਹੈ। ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਮ੍ਰਿਤਕ ਨਦੀਮ ਦੇ ਭਰਾ ਨੰਨਾ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ। ਮ੍ਰਿਤਕ ਨਦੀਮ ਦੇ ਭਰਾ ਨੰਨਾ ਨੇ ਦਸਿਆ ਕਿ ਉਹ 6 ਭਰਾ ਹਨ ਅਤੇ ਬੀਤੀ ਰਾਤ 12 ਕੁ ਵਜੇ ਉਹ ਅਪਣੇ ਭਰਾ ਨੂੰ ਦਿੱਲੀ ਭੇਜਣ ਲਈ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ ਛੱਡ ਕੇ ਆ ਰਹੇ ਸਨ। ਵਾਪਸੀ ਸਮੇਂ ਉਸ ਦਾ ਦੂਸਰਾ ਭਰਾ ਨਦੀਮ ਅਪਣੇ ਸਾਲੇ ਅਮੀਰ (18) ਪੁੱਤਰ ਜਾਫੁਰ ਹੁਸੈਨ ਨਾਲ ਅਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਵਿਖੇ ਅਪਣੇ ਘਰ ਪਰਤ ਰਹੇ ਸਨ। ਜਦਕਿ ਮੈਂ ਤੇ ਇਕ ਹੋਰ ਅਪਣੇ ਮੋਟਰਸਾਈਕਲ ’ਤੇ ਉਸ ਦੇ ਪਿੱਛੇ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਬੜਵਾ ਦੇ ਬੱਸ ਸਟੈਂਡ ਲਾਗੇ ਪਹੁੰਚੇ ਤਾਂ ਸੜਕ ’ਚ ਡਿੱਗੇ ਕਿੱਕਰ ਦੇ ਦਰੱਖਤ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ, ਜਿਸ ’ਤੇ ਮੋਟਰਸਾਈਕਲ ਚਲਾ ਰਹੇ ਉਸ ਦੇ ਭਰਾ ਨਦੀਮ ਦੀ ਗੰਭੀਰ ਜ਼ਖ਼ਮੀ ਹੋਣ ’ਤੇ ਮੌਕੇ ਪਰ ਹੀ ਮੌਤ ਹੋ ਗਈ। ਜਦਕਿ ਉਸ ਦੇ ਸਾਲੇ ਅਮੀਰ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ ਜਿਸ ਨੇ ਵੀ ਰਸਤੇ ’ਚ ਦਮ ਤੋੜ ਦਿਤਾ।