- 2 ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ 'ਚ ਸ਼ੁਰੂ ਹੋਣਗੇ ਮੁਕਾਬਲੇ : ਜ਼ਿਲ੍ਹਾ ਖੇਡ ਅਫ਼ਸਰ
- ਪਟਿਆਲਾ ਸ਼ਹਿਰੀ, ਪਾਤੜਾਂ, ਸ਼ੰਭੂ ਕਲਾ ਤੇ ਪਟਿਆਲਾ ਦਿਹਾਤੀ ਦੇ ਬਲਾਕ ਪੱਧਰੀ ਮੁਕਾਬਲੇ 2 ਤੋਂ 4 ਸਤੰਬਰ ਤੱਕ
ਪਟਿਆਲਾ, 1 ਸਤੰਬਰ 2024 : ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲੇ ਪਟਿਆਲਾ ਜ਼ਿਲ੍ਹੇ 'ਚ 2 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 2 ਤੋਂ 4 ਸਤੰਬਰ ਤੱਕ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਾਤੜਾਂ, ਸ਼ੰਭੂ ਕਲਾ ਤੇ ਪਟਿਆਲਾ ਦਿਹਾਤੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੀਆਂ ਖੇਡਾਂ ਦੇ ਪਟਿਆਲਾ ਸ਼ਹਿਰ ਦੇ ਮੁਕਾਬਲੇ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਹੋਣਗੇ ਜਿਸ ਦੇ ਇੰਚਾਰਜ ਤੇਜਪਾਲ ਸਿੰਘ ਹਨ। ਇਸੇ ਤਰ੍ਹਾਂ ਪਾਤੜਾਂ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡ ਸਟੇਡੀਅਮ ਘੱਗਾ ਵਿਖੇ ਹੋਣਗੇ ਇਸ ਦੇ ਇੰਚਾਰਜ ਬਹਾਦਰ ਸਿੰਘ ਹਨ। ਸ਼ੰਭੂ ਕਲਾਂ ਬਲਾਕ ਦੇ ਮੁਕਾਬਲੇ ਯੂਨੀਵਰਸਿਟੀ ਕਾਲਜ ਘਨੌਰ ਤੇ ਬਹਾਦਰਗੜ੍ਹ ਸਟੇਡੀਅਮ ਘਨੌਰ ਵਿਖੇ ਹੋਣਗੇ ਜਿਸ ਦੇ ਇੰਚਾਰਜ ਕੰਵਲਦੀਪ ਸਿੰਘ ਹਨ ਅਤੇ ਪਟਿਆਲਾ ਦਿਹਾਤੀ ਦੇ ਮੁਕਾਬਲੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਵਿਖੇ ਹੋ ਰਹੇ ਹਨ ਜਿਸ ਦੇ ਇੰਚਾਰਜ ਨਰੇਸ਼ ਰਜੋਰੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 9 ਤੋਂ 11 ਸਤੰਬਰ ਤੱਕ ਬਾਕੀ ਰਹਿੰਦੇ ਛੇ ਬਲਾਕਾਂ ਦੇ ਸਮਾਣਾ, ਸਨੌਰ, ਨਾਭਾ, ਘਨੌਰ, ਰਾਜਪੁਰਾ ਅਤੇ ਭੁਨਰਹੇੜੀ ਦੇ ਮੁਕਾਬਲੇ ਹੋਣਗੇ। ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ 2024' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਖੋ ਖੋ, ਐਥਲੈਟਿਕਸ, ਵਾਲੀਬਾਲ (ਸਮੈਸਿੰਗ ਤੇ ਸ਼ੂਟਿੰਗ) ਖੇਡਾਂ 'ਚ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ 'ਚ ਭਾਗ ਲੈਣ ਲਈ ਮੌਕੇ 'ਤੇ ਆਫ਼ਲਾਈਨ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ।