ਬਠਿੰਡਾ, 30 ਸਤੰਬਰ 2024 : ਬਠਿੰਡਾ ਪੁਲਿਸ ਨੂੰ ਉਸ ਮੌਕੇ ਸਫਲਤਾ ਮਿਲੀ, ਜਦੋਂ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇ 'ਤੇ ਪੁਲਿਸ ਵੱਲੋਂ ਸ਼ੱਕੀ ਵਾਹਨਾ ਦੀ ਜਾਂਚ ਦੌਰਾਨ ਇੱਕ ਟਰਾਲੇ ਵਿੱਚੋਂ 100 ਕਿਲੋ ਭੁੱਕੀ ਬਰਾਮਦ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਅਮਨੀਤ ਕੌਂਡਲ (ਆਈਪੀਐੱਸ) ਐੱਸਐੱਸਪੀ ਨੇ ਦੱਸਿਆਂ ਕਿ ਮੈਡਮ ਹਿਨਾ ਗੁਪਤਾ ਪੀ.ਪੀ.ਐੱਸ, ਡੀ.ਐੱਸ.ਪੀ ਬਠਿੰਡਾ ਦਿਹਾਤੀ, ਹਰਵਿੰਦਰ ਸਿੰਘ ਸਰਾਂ, ਪੀ.ਪੀ.ਐੱਸ ਡੀ.ਐੱਸ.ਪੀ ਐੱਨ.ਡੀ.ਪੀ.ਐੱਸ ਦੀ ਅਗਵਾਈ ਵਿੱਚ ਥਾਣਾ ਸੰਗਤ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਟਰੱਕ (ਘੋੜਾ) ਵਿੱਚੋਂ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ। ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸੰਗਤ ਪੁਲਿਸ ਦੀ ਟੀਮ ਵੱਲੋਂ ਡੱਬਵਾਲੀ ਮੇਨ ਰੋਡ ਤੇ' ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿੱਚ ਸਪੈਸ਼ਲ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਗਸ਼ਤ ਪੁਲਿਸ ਟੀਮ ਪਿੰਡ ਪਥਰਾਲਾ ਕੋਲ ਪਹੁੰਚੀ ਤਾਂ ਇੱਕ ਟਰੱਕ ਨੰਬਰ ਪੀ.ਬੀ 03 ਏ.ਜੇ 8097 ਸੜਕ 'ਤੇ ਖੜਾ ਸੀ, ਪੁਲਿਸ ਦੀ ਟੀਮ ਨੂੰ ਦੇਖ ਕੇ ਉਹ ਟਰੱਕ ਤੋਰਨ ਲੱਗੇ ਤਾਂ ਪੁਲਿਸ ਟੀਮ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ। ਅਮਨੀਤ ਕੌਂਡਲ ਨੇ ਦੱਸਿਆ ਟਰੱਕ ਵਿੱਚ 2 ਵਿਅਕਤੀ ਸਵਾਰ ਸਨ। ਟਰੱਕ ਵਿੱਚੋਂ 5 ਗੱਟੇ ਪਲਾਸਟਿਕ ਭੁੱਕੀ ਡੋਡੇ ਪੋਸਤ ਬਰਾਮਦ ਕੀਤੇ ਗਏ। ਜਿਨ੍ਹਾਂ ਦਾ ਕੁੱਲ ਭਾਰ 100 ਕਿੱਲੋ ਸੀ। ਟਰੱਕ ਸਵਾਰ ਦੋਨਾਂ ਵਿਅਕਤੀਆਂ ਦੀ ਪਛਾਣ ਰਣਜੀਤ ਸਿੰਘ ਉਰਫ ਨਿੱਕਾ ਵਾਸੀ ਭੱਠਲਾਂ, ਰੋਡ ਧਨੌਲਾ, ਜ਼ਿਲ੍ਹਾ ਬਰਨਾਲਾ ਅਤੇ ਸਰਾਜ ਖਾਨ ਵਾਸੀ ਸੰਗੀ ਪੱਤੀ ਕਾਲੇਕੇ, ਜ਼ਿਲ੍ਹਾ ਬਰਨਾਲਾ ਵਜੋ ਹੋਈ। ਦੋਨਾਂ ਮੁਲਜ਼ਮਾਂ 'ਤੇ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਭੁੱਕੀ ਡੋਡੇ ਪੋਸਤ ਕਿੱਥੋ ਲੈ ਕੇ ਆਏ ਸਨ ਅਤੇ ਕਿੱਥੇ ਅੱਗੇ ਦੇਣਾ ਹੈ, ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।