- ਸੰਸਦ ਮੈਂਬਰ ਨੇ ਸੰਘੇੜਾ- ਝਲੂਰ, ਸੰਘੇੜਾ - ਸ਼ੇਰਪੁਰ ਤੇ ਕਰਮਗੜ੍ਹ ਫਿਰਨੀ ਸੜਕਾਂ ਦੇ 6 ਕਰੋੜ ਤੋਂ ਵੱਧ ਲਾਗਤ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ
ਬਰਨਾਲਾ, 12 ਸਤੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਚਹੁੰ ਪੱਖੀ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਬਰਨਾਲਾ ਵਿੱਚ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਫੰਡਾਂ ਪ੍ਰਵਾਨ ਕੀਤੇ ਗਏ ਹਨ ਤੇ 25 ਕਰੋੜ ਰੁਪਏ ਸਿਰਫ ਸੜਕਾਂ ਲਈ ਪ੍ਰਵਾਨ ਕੀਤੇ ਗਏ ਹਨ। ਇਹ ਪ੍ਰਗਟਾਵਾ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਸੰਘੇੜਾ- ਝਲੂਰ ਸੜਕ ਦੇ ਨਵੀਨੀਕਰਨ ਦਾ 1.64 ਕਰੋੜ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ 9.70 ਕਿਲੋਮੀਟਰ ਸੜਕ ਦੇ ਨਵੀਨੀਕਰਨ ਨਾਲ ਸੰਘੇੜਾ ਤੋਂ ਸ਼ੇਰਪੁਰ, ਧੂਰੀ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮਗਰੋਂ ਅੱਜ ਉਨ੍ਹਾਂ ਸੰਘੇੜਾ - ਸ਼ੇਰਪੁਰ (ਵਾਇਆ ਖੇੜੀ ਨੰਗਲ) ਨੇ ਨਵੀਨੀਕਰਨ ਦਾ 4.17 ਕਰੋੜ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ, ਜੋ ਕਿ ਕਰੀਬ 13 ਕਿਲੋਮੀਟਰ ਹੈ। ਇਸ ਤੋਂ ਇਲਾਵਾ ਪਿੰਡ ਕਰਮਗੜ੍ਹ ਦੀ ਫਿਰਨੀ ਵਾਲੀ (ਕਰਮਗੜ੍ਹ ਤੋਂ ਕੋਠੇ ਖੇੜੀ ਵਾਲੇ) ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਕਰੀਬ 3.40 ਕਿਲੋਮੀਟਰ ਸੜਕ ਦਾ ਕੰਮ ਅੰਦਾਜ਼ਨ 37 ਲੱਖ ਦੀ ਲਾਗਤ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੜਕਾਂ ਦੇ ਨਵੀਨੀਕਰਨ ਲਈ 25 ਕਰੋੜ ਦੇ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ 75 ਕਿਲੋਮੀਟਰ ਤੋਂ ਵੱਧ ਲੰਬਾਈ ਦਾ ਕੰਮ ਕੀਤਾ ਜਾਵੇਗਾ। ਇਨ੍ਹਾਂ ਵਿੱਚ ਵੱਖ ਵੱਖ ਕਰੀਬ 30 ਸੜਕਾਂ ਦੇ ਕੰਮ ਸ਼ਾਮਲ ਹਨ, ਜਿਨ੍ਹਾਂ ਦੇ ਨਵੀਨੀਕਰਨ/ ਚੌੜਾ ਕਰਨ ਦਾ ਕੰਮ ਕੀਤਾ ਜਾਵੇਗਾ, ਜਿਨ੍ਹਾਂ ਨਾਲ ਬਰਨਾਲਾ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਦੀਆਂ ਸੜਕਾਂ ਜਿਵੇਂ ਝਲੂਰ, ਕਰਮਗੜ੍ਹ, ਝਲੂਰ ਤੋਂ ਨੰਗਲ, ਸੰਘੇੜਾ ਤੋਂ ਝਲੂਰ, ਧਨੌਲਾ - ਭੱਠਲਾਂ, ਝਲੂਰ ਫਿਰਨੀ, ਕਰਮਗੜ੍ਹ ਫਿਰਨੀ ਤੇ ਹੋਰ ਕਈ ਸੜਕਾਂ ਦੀ ਹਾਲਤ ਕਾਫੀ ਖਰਾਬ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਸੀ। ਉਨ੍ਹਾਂ ਦੱਸਿਆ ਕਿ 25 ਕਰੋੜ ਦੀ ਲਾਗਤ ਨਾਲ ਜਿਨ੍ਹਾਂ ਸੜਕਾਂ ਦਾ ਕੰਮ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਬਰਨਾਲਾ - ਬਾਜਾਖਾਨਾ ਰੋਡ ਤੋਂ ਖੁੱਡੀ ਕਲਾਂ, ਬਰਨਾਲਾ ਬਾਜਾਖਾਨਾ ਰੋਡ ਤੋਂ ਕੋਠੇ ਰਾਮਸਰ, ਕੋਠੇ ਢਿੱਲਵਾਂ, ਵਾਈ ਐੱਸ ਪਬਲਿਕ ਸਕੂਲ (ਐਨ ਐਚ 64 ) ਤੋਂ ਹੰਡਿਆਇਆ, ਕਰਮਗੜ੍ਹ ਮੰਡੀ ਤੋਂ ਸਮਾਧਾਂ ਤੱਕ, ਸੇਖਾ - ਫਰਵਾਹੀ ਰੋਡ ਤੋਂ ਡੇਰਾ ਬਾਬਾ ਕਰਮ ਚੰਦ, ਬੀਕਾ ਸੂਚ ਪੱਤੀ ਦੀਆਂ ਸੜਕਾਂ, ਚੀਮਾਂ ਤੋਂ ਪੱਤੀ ਸੇਖਵਾਂ ਤੋਂ ਬਰਨਾਲਾ, ਕੋਠੇ ਸਰਾਂ ਵਾਲੀ ਸੜਕ, ਕੋਠੇ ਚੂੰਘਾਂ, ਪਿੰਡ ਨੰਗਲ ਦੀ ਫਿਰਨੀ, ਅਮਲਾ ਸਿੰਘ ਵਾਲਾ/ ਭੱਦਲਵੱਡ ਵਾਲੀ ਸੜਕ, ਝਲੂਰ ਤੋਂ ਕਰਮਗੜ੍ਹ ਨੂੰ ਜਾਂਦੀ ਸੜਕ, ਪਿੰਡ ਰਾਜਗੜ੍ਹ ਤੋਂ ਗੁਰੂਦੁਆਰਾ ਸਾਹਿਬ ਨੂੰ ਜਾਂਦੀ ਸੜਕ, ਸੰਗਰੂਰ ਬਰਨਾਲਾ ਰੋਡ ਤੋਂ ਹਰੀਗੜ੍ਹ ਨੂੰ ਅੰਦਰ ਨੂੰ ਜਾਂਦੀ ਸੜਕ, ਕੱਟੂ ਤੋਂ ਐਨ ਐਚ - 07 ਵਾਇਆ ਭੈਣੀ ਮਹਿਰਾਜ (ਕੱਟੂ ਪਿੰਡ ਦੀ ਫਿਰਨੀ ਸਣੇ), ਧਨੌਲਾ ਤੋਂ ਦਾਨਗੜ੍ਹ ਸੜਕ, ਖੁੱਡੀ ਕਲਾਂ ਦੀ ਫਿਰਨੀ ਸਣੇ ਵੱਖ ਵੱਖ ਪਿੰਡਾਂ ਦੀਆਂ ਸੜਕਾਂ ਦੇ 30 ਦੇ ਕਰੀਬ ਕੰਮ ਸ਼ਾਮਲ ਹਨ।