- ਜ਼ਿਲ੍ਹੇ ਨੂੰ ਸਾਫ ਸੁਥਰਾ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੀ ਅਪੀਲ
ਫ਼ਰੀਦਕੋਟ 14 ਸਤੰਬਰ : ਸਵੱਛ ਭਾਰਤ ਮਿਸ਼ਨ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ਅਤੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਤੇ 100 ਪ੍ਰਤੀਸ਼ਤ ਪਾਬੰਦੀ ਲਗਾਈ ਗਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਬਾਬਾ ਫਰੀਦ ਮੇਲੇ ਤੇ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਅਤੇ ਜਿਲ੍ਹਾ ਵਾਸੀਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾਲ ਹੁੰਦੇ ਨੁਕਸਾਨਾਂ ਅਤੇ ਇਸ ਦੀ ਵਰਤੋਂ ਕਰਨ ਦੀ ਅਪੀਲ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਬਾਬਾ ਫਰੀਦ ਮੇਲੇ ਦੌਰਾਨ ਹੋਣ ਵਾਲੇ ਸਾਰੇ ਸਮਾਗਮਾਂ ਨੂੰ ਆਮ ਲੋਕਾਂ ਦੀ ਮਦਦ ਨਾਲ ਸਿੰਗਲ ਯੂਜ਼ ਪਲਾਸਟਿਕ ਮੁਕਤ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਲਾਸਟਿਕ ਦਾ ਇਸਤੇਮਾਲ ਕਰਨ ਵਾਲੇ ਵੈਂਡਰਾਂ, ਲੰਗਰ ਕਮੇਟੀਆਂ ਅਤੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਮੁੱਖੀਆਂ ਨੂੰ ਵੀ ਮੀਟਿੰਗਾਂ ਦੌਰਾਨ ਵੱਖਰੇ ਤੌਰ ਤੇ ਇਸ ਸਬੰਧੀ ਬੇਨਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਲਾਸਟਿਕ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉੱਥੇ ਇਸ ਨੂੰ ਨਿਗਲ ਕੇ ਕਈ ਵਾਰ ਆਵਾਰਾ ਜਾਨਵਰਾਂ ਦੀ ਜਾਨ ਵੀ ਚੱਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਪੂਰੀ ਤਰ੍ਹਾਂ ਨਸ਼ਟ ਨਹੀਂ ਹੁੰਦਾ ਜਿਸ ਕਾਰਨ ਵਾਤਾਵਰਨ ਦੀ ਸ਼ੁੱਧਤਾ ਵੀ ਬਰਕਰਾਰ ਨਹੀਂ ਰਹਿੰਦੀ। ਉਨ੍ਹਾਂ ਦੱਸਿਆ ਕਿ ਪਲਾਸਟਿਕ ਤੋਂ ਬਣੀਆਂ ਵੱਖ ਵੱਖ ਪ੍ਰਕਾਰ ਦੀਆਂ ਵਸਤਾਂ ਜਿਵੇਂ ਪਲਾਸਟਿਕ ਸਟਿਕ,ਪਲਾਸਟਿਕ ਸਟਿਕ ਵਾਲੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੁਲਫੀ ਦੀ ਪਲਾਸਟਿਕ ਵਾਲੀ ਡੰਡੀ, ਆਇਸ ਕਰੀਮ ਸਟਿਕ, ਪਲਾਸਟਿਕ/ ਥਰਮੋਕੋਲ ਦੇ ਫੁੱਲਾਂ ਵਾਲੀ ਸਜਾਵਟ, ਪਲੇਟ, ਕੱਪ, ਕਾਂਟੇ, ਚਮਚੇ,ਚਾਕੂ,ਸਟਰਾਅ, ਟਰੇਅ, ਰੈਪਿੰਗ, ਜਾਂ ਪੈਕਿੰਗ ਮਟੀਰੀਅਲ, ਮਿਠਾਈ ਦੇ ਡੱਬੇ ਉੱਤੇ ਪਲਾਸਟਿਕ ਰੈਪ, ਇਨਵੀਟੇਸ਼ਨ ਕਾਰਡ, ਸਿਗਰੇਟ, ਪੈਕਿੰਗ ਪਲਾਸਟਿਕ ਜਾਂ ਪੀ.ਵੀ.ਸੀ ਬੈਨਰ, ਪਲਾਸਟਿਕ ਲਿਫਾਫਾ, ਖਾਣੇ ਨੂੰ ਪੈਕ ਕਰਨ ਵਾਲਾ ਰੈਪ, ਸਿੰਗਲ ਯੂਜ਼ ਪਲਾਸਟਿਕ ਬੋਤਲ ਪਾਣੀ ਵਾਲੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਬਾਬਾ ਫਰੀਦ ਮੇਲੇ ਮੌਕੇ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਨੂੰ ਕਿਹਾ ਕਿ ਜਿੱਥੋਂ ਤੱਕ ਹੋ ਸਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਦੀ ਜਗ੍ਹਾਂ ਇਸ ਦੇ ਬਦਲ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ- ਸੁਥਰਾ ਅਤੇ ਕੱਚਰਾ ਮੁਕਤ ਬਣਾਉਣ ਲਈ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਜੇਕਰ ਉਨ੍ਹਾਂ ਦੇ ਆਲੇ ਦੁਆਲੇ ਇੱਕ ਵਾਰ ਵਰਤੋਂ ਕਰਨ ਵਾਲੇ ਪਲਾਸਟਿਕ ਦੀ ਵਿਕਰੀ ਅਤੇ ਵਰਤੋਂ ਕਰਦਾ ਹੈ ਤਾਂ ਉਸ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਸ਼ਹਿਰ ਅੰਦਰ ਕੱਚਰੇ ਦੀ ਪੈਦਾਵਾਰ ਘੱਟ ਹੋਵੇ ਅਤੇ ਸ਼ਹਿਰ ਹੋਰ ਵਧੇਰੇ ਸਾਫ- ਸੁਥਰਾ ਬਣ ਸਕੇ।