ਫਿਰੋਜ਼ਪੁਰ : ਪਿਛਲੇ ਸਮੇਂ ਤੋਂ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਅੱਗੇ ਦਿੱਤੇ ਜਾ ਰਹੇ ਧਰਨੇ ਨੂੰ ਚਕਾਉਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਟੈਂਟ ਪੁੱਟ ਦਿੱਤੇ ਗਏ ਹਨ। ਇਸ ਦੌਰਾਨ 100 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਨਾਕਿਆਂ ਨੂੰ ਵੀ ਪੁਲਿਸ ਨੇ ਢਾਹ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਲੋਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਫੈਕਟਰੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਨਾਲ ਹੋ ਰਹੇ ਨੁਕਸਾਨ ਨੂੰ ਲੈ ਕੇ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ। ਹਾਈਕੋਰਟ ਵਿੱਚ ਕਿਹਾ ਰਿਪੋਰਟਾਂ ਸੌਂਪੀਆਂ ਹਨ ਕਿ ਉਸ ਵੱਲੋਂ ਪਾਣੀ ਕਿਸੇ ਵੀ ਤਰੀਕੇ ਪ੍ਰਦੂਸ਼ਤ ਨਹੀਂ ਕੀਤਾ ਗਿਆ ਤੇ 148 ਦਿਨ ਤੋਂ ਚਲ ਰਹੇ ਧਰਨੇ ਕਾਰਨ ਉਸਦਾ ਨੁਕਸਾਨਹੋ ਰਿਹਾ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਪਹਿਲਾਂ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਜ਼ੁਰਮਾਨਾ ਲਗਾਇਆ ਸੀ ਤੇ ਹੁਣ 20 ਕਰੋੜ ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ।
ਹਾਈਕੋਰਟ ਦੇ ਹੁਕਮਾਂ ਮੁਤਾਬਿਕ ਕੀਤੀ ਗਈ ਕਾਰਵਾਈ- ਐਸ.ਐਸ.ਪੀ ਕੰਵਰਦੀਪ ਕੌਰ
ਫਿਰੋਜ਼ਪੁਰ, 18 ਦਸੰਬਰ 2022: ਫਿਰੋਜ਼ਪੁਰ ਦੀ ਐਸਐਸਪੀ ਕੰਵਰਦੀਪ ਕੌਰ ਦੇ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ, ਹਾਈਕੋਰਟ ਦੇ ਹੁਕਮਾਂ ਤਹਿਤ ਅੱਜ ਕਾਰਵਾਈ ਕੀਤੀ ਗਈ ਹੈ ਅਤੇ ਪ੍ਰਦਰਸ਼ਨਕਾਰੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਹਾਈ-ਵੇ ਰੋਕਣ ਦੀ ਕੋਸਿਸ਼ ਕਰ ਰਹੇ ਲੋਕਾਂ ਨੂੰ ਹੀ ਹਟਾਇਆ ਗਿਆ ਹੈ ਤੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕੋਰਟ ਦਾ ਆਦੇਸ਼ ਹੈ ਕਿ, ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਕਰੀਬ 300 ਮੀਟਰ ਦੂਰ ਧਰਨਾ ਲੱਗੇ ਅਤੇ ਫ਼ੈਕਟਰੀ ਨੂੰ ਜਾਂਦਾ ਰਸਤਾ ਖੁੱਲ੍ਹਵਾਇਆ ਜਾਵੇ। ਐਸਐਸਪੀ ਨੇ ਕਿਹਾ ਕਿ, ਸਿਰਫ਼ ਫ਼ੈਕਟਰੀ ਨੂੰ ਜਾਂਦਾ ਰਸਤਾ ਹੀ ਖੁੱਲ੍ਹਵਾਇਆ ਗਿਆ ਹੈ, ਜਦੋਂਕਿ 300 ਮੀਟਰ ਦੂਰ ਧਰਨੇ ਤੇ ਕੋਈ ਇਤਰਾਜ਼ ਨਹੀਂ । ਉਨ੍ਹਾਂ ਇਹ ਵੀ ਕਿਹਾ ਕਿ, ਸਾਡੇ ਵਲੋਂ ਵੀਡੀਓ ਗ੍ਰਾਫ਼ੀ ਕੀਤੀ ਜਾ ਰਹੀ ਹੈ ਅਤੇ ਮਾਹੌਲ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 2000 ਪੁਲੀਸ ਕਰਮੀ ਇੱਥੇ ਤਾਇਨਾਤ ਕੀਤੇ ਗਏ ਹਨ।