ਸਹਾਇਕ ਕਮਿਸ਼ਨਰ ਮਾਲੇਰਕੋਟਲਾ  ਨੇ " ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ” ਅਧੀਨ ਕੀਤੇ ਕੰਮਾਂ ਦਾ ਲਿਆ ਜਾਇਜ਼ਾ

  • ਜ਼ਿਲ੍ਹੇ ‘ਚ ਪਾਣੀ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ-ਗੁਰਮੀਤ ਕੁਮਾਰ ਬਾਂਸਲ
  • ਕੁਦਰਤੀ ਸੋਮੇ ਨੂੰ ਭਵਿੱਖ ਲਈ ਸੁਰੱਖਿਅਤ ਕਰਨ ਲਈ ਬਰਸਾਤੀ ਅਤੇ ਧਰਤੀ ਹੇਠਲੇ ਪਾਣੀ ਸੰਭਾਲਣ ਤੇ ਪ੍ਰਬੰਧਨ ਕਰਨਾ ਸਮੇਂ ਦੀ ਮੁੱਖ ਲੋੜ

ਮਾਲੇਰਕੋਟਲਾ 14 ਸਤੰਬਰ : ਸਹਾਇਕ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਅੱਜ ਭਾਰਤ ਸਰਕਾਰ ਦੁਆਰਾ ਚਲਾਈ ਗਈ " ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ” ਅਧੀਨ ਜ਼ਿਲ੍ਹੇ ਵਿੱਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਲਈ ਪੰਚਾਇਤੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਸਕੂਲ ਸਿੱਖਿਆ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਿੰਚਾਈ ਵਿਭਾਗ,ਭੂਮੀ ਰੱਖਿਆ ਵਿਭਾਗ,ਜੰਗਲਾਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਿੰਚਾਈ ਵਿਭਾਗ ਆਦਿ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ।  ਇਸ ਮੌਕੇ ਉਨ੍ਹਾਂ ਵੱਖ ਵੱਖ ਵਿਭਾਗਾਂ ਵੱਲੋਂ ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਇਕੱਤਰ ਕੀਤੀ। ਕੁਦਰਤੀ ਸੋਮੇ ਨੂੰ ਭਵਿੱਖ ਲਈ ਸੁਰੱਖਿਅਤ ਕਰਨ ਲਈ ਬਰਸਾਤੀ ਅਤੇ ਧਰਤੀ ਹੇਠਲੇ ਪਾਣੀ ਸੰਭਾਲਣ ਤੇ ਪ੍ਰਬੰਧਨ ਕਰਨਾ ਸਮੇਂ ਦੀ ਮੁੱਖ ਲੋੜ ਤੇ ਜ਼ੋਰ ਦਿੰਦਿਆਂ ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਾਣੀ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਵਚਨਬੱਧ ਹੈ। ਸਾਨੂੰ ਸਾਰਿਆ ਨੂੰ ਮਿਲ ਕੇ ਬਰਸਾਤੀ ਪਾਣੀ ਸਾਂਭ ਸੰਭਾਲ ਅਤੇ ਪ੍ਰਬੰਧਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਪਾਣੀ ਅਨਮੋਲ ਹੈ । ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਮਤ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਸਾਡਾ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਹੈ ਇਸ ਲਈ ਸਾਡਾ ਸਾਰਿਆ ਦਾ ਫ਼ਰਜ਼ ਬਣਦਾ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਨੂੰ ਸੰਭਾਲੀਏ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਨੂੰ ਯਕੀਨੀ ਬਣਾਈਏ । ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ " ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ” ਤਹਿਤ ਆਰੰਭੇ ਗਏ ਪ੍ਰੋਜੈਕਟਾਂ ਦੇ ਕੰਮਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਅਤੇ ਮੁਕੰਮਲ ਹੋ ਚੁੱਕੇ ਪ੍ਰੋਜੈਕਟਾਂ ਦੀਆਂ ਤਸਵੀਰਾਂ ਅਤੇ ਡਾਟੇ ਨੂੰ ਆਨ ਲਾਈਨ ਕਰਨ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਹੋਰ ਹਦਾਇਤ ਕੀਤੀ ਕਿ ਕਨਸਰਵੇਸ਼ਨ ਪਲਾਨ ਤਹਿਤ ਜਿਵੇਂ ਰੇਨ ਵਾਟਰ ਹਾਰਵੇਸਟਿੰਗ,ਸੋਕ ਪਿੱਟ,ਅੰਮ੍ਰਿਤ ਸਰੋਵਰ,ਛੱਪੜਾਂ ,ਟੋਭਿਆਂ ਆਦਿ ਨੂੰ ਪੁਨਰ ਸੁਰਜੀਤ ਕੀਤਾ ਜਾਵੇ । ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ,ਨਹਿਰੂ ਯੁਵਾ ਕੇਂਦਰ ਨੂੰ ਹਦਾਇਤ ਕੀਤੀ ਕਿ ਕੈਚ ਦਾ ਰੇਨ ਮੁਹਿੰਮ ਤਹਿਤ ਨੌਜਵਾਨਾਂ, ਵਿਦਿਆਰਥੀਆਂ, ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਪੈਦਾ ਕਰਨ ਲਈ ਗਤੀਵਿਧੀਆਂ ਕਰਵਾਉਣ ਅਤੇ  ਗਤੀਵਿਧੀਆਂ ਦੀਆਂ ਫ਼ੋਟੋ ਅਤੇ ਵੀਡੀਓਜ਼ ਆਨ ਲਾਈਨ ਕਰਨ ਨੂੰ ਯਕੀਨੀ ਬਣਾਉਣ । ਉਨ੍ਹਾਂ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਲ ਸ਼ਕਤੀ ਕੇਂਦਰਾਂ ਦੀ ਸਥਾਪਨਾ ਅਤੇ ਬੂਟੇ ਲਾਉਣ ਆਦਿ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕੁਦਰਤੀ ਸੋਮੇ ਨੂੰ ਭਵਿੱਖ ਲਈ ਸੁਰੱਖਿਅਤ ਕੀਤਾ ਜਾ ਸਕੇ । ਜ਼ਿਲ੍ਹਾ ਨਿਵਾਸੀਆਂ ਨੂੰ ਕੈਚ ਦਾ ਰੇਨ ਮੁਹਿੰਮ ਤਹਿਤ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਕਰਨ ਅਤੇ ਇਸ ਦੀ ਮੁੜ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਮਰਸ਼ੀਅਲ ਅਤੇ ਰਿਹਾਇਸ਼ੀ ਭਵਨਾਂ ਦੀਆਂ ਇਮਾਰਤਾਂ ਦੇ ਨਿਰਮਾਣ ਸਮੇਂ ਹੀ ਪਾਣੀ ਦੀ ਸੰਭਾਲ, ਸਟੋਰ ਕਰਨ ਅਤੇ ਉਸ ਦੀ ਮੁੜ ਵਰਤੋਂ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ । ਇਸ ਮੌਕੇ  ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਸ੍ਰੀਮਤੀ ਬਬਲਜੀਤ ਕੌਰ, ਸਮਾਜਿਕ ਸੁਰੱਖਿਆ ਅਤੇ ਪੰਚਾਇਤ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ, ਭੂਮੀ ਰੱਖਿਆ ਅਫ਼ਸਰ ਸ੍ਰੀ ਨਵਰੀਤ ਸਿੰਘ ਜੱਸੋਵਾਲ, ਜੇ.ਈ ਇੰਜ ਪ੍ਰਿੰਸ ਮੋਦੀ, ਵਣ ਅਫ਼ਸਰ ਸ੍ਰੀ ਇਕਬਾਲ ਸਿੰਘ, ਏ.ਐਮ.ਈ ਮਿਊਂਸੀਪਲ ਕਮੇਟੀ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਇੰਜ. ਨਰਿੰਦਰ ਕੁਮਾਰ, ਸ੍ਰੀਮਤੀ ਆਰਤੀ ਗੁਪਤਾ, ਸੀ.ਡੀ.ਐਸ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਜਤਿੰਦਰ ਕੁਮਾਰ, ਜੇ.ਈ ਇੰਜ. ਜਿੰਮੀ ਖਾਨ , ਡੀ.ਡੀ.ਐਫ ਸ੍ਰੀ ਆਸਿਫ਼ ਖਾਨ ਅਤੇ ਸਹਾਇਕ ਜਿਓਲੋਜਿਸਟ ਮਿਸ. ਰੀਤਿਕਾ ਗੁਪਤਾ ਵੀ ਮੌਜੂਦ ਸਨ।