- ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਵਾਸਤੇ ਪਿੰਡ ਪੋਲਾ ਵਿਖੇ ਲਗਾਇਆ ਜਾਗਰੂਕਤਾ ਕੈਂਪ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਪਿੰਡ ਪੋਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਭਾਗ ਲਿਆ। ਇਸ ਜਾਗਰੂਕਤਾ ਕੈਂਪ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਕੁਸ਼ਲ ਤਰੀਕਿਆਂ ਨਾਲ ਤਕਨਾਂਲੌਜੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕੁਦਰਤੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਖੇਤੀਬਾੜੀ ਲਈ ਵਾਤਾਵਰਣ ਦੀ ਰਾਖੀ ਕਰਨ ਵਾਸਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦਾ ਸੱਦਾ ਦਿੱਤਾ। ਉਨ੍ਹਾਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਿਫਾਰਸ਼ ਕੀਤੀਆਂ ਤਕਨਾਲੌਜੀਆਂ ਅਪਣਾਉਣ ਦੀ ਸਲਾਹ ਵੀ ਦਿੱਤੀ। ਡਾ: ਰਾਮਪਾਲ ਨੇ ਝੋਨੇ ਦੀ ਪਰਾਲੀ ਦੇ ਕੁਸ਼ਲ ਪ੍ਰਬੰਧਨ ਲਈ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਮਲਚਰ, ਬੇਲਰ, ਸੀਡ ਡਰਿੱਲ ਆਦਿ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਿਆਂ ਕਿਸਾਨਾਂ ਨੂੰ ਵੱਖ-ਵੱਖ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਸੈਨਿਕ ਸੂੰਡੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਬਾਰੇ ਵੀ ਸੁਝਾਅ ਦੱਸੇ। ਇਸ ਕੈਂਪ ਵਿੰਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ: ਅਜੈ ਕੁਮਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਮਿੱਟੀ ਵਿੱਚਲੇ ਖੁਰਾਕੀ ਤੱਤਾਂ ਦੇ ਨੁਕਸਾਨ ਬਾਰੇ ਸੁਚੇਤ ਕੀਤਾ ਅਤੇ ਮਿੱਟੀ ਦੀ ਜਾਂਚ ਕਰਵਾਉਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ) ਡਾ: ਜੀ.ਪੀ.ਐਸ. ਸੇਠੀ ਨੇ ਪਰਾਲੀ ਨੂੰ ਸੋਧ ਕੇ ਪਸ਼ੂਆਂ ਲਈ ਖੁਰਾਕ ਵਜੋਂ ਇਸਤੇਮਾਲ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਦੌਰਾਨ ਅਗਾਂਹਵਧੂ ਕਿਸਾਨ ਗੁਰਸੇਵਕ ਸਿੰਘ ਪੋਲਾ ਅਤੇ ਬਲਜਿੰਦਰ ਸਿੰਘ ਬਹਿਲੋਲਪੁਰ ਨੇ ਸਰਫੇ ਸੀਡਿੰਗ ਵਾਲੀ ਕਣਕ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਕੈਂਪ ਵਿੰਚ ਪਿੰਡ ਦੇ ਪੰਚ ਨਿਰਮਲ ਸਿੰਘ, ਦਰਬਾਰਾ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਕਿਸਾਨਾਂ ਨੇ ਭਾਗ ਲਿਆ। ਇਸ ਬਲਾਕ ਪੱਧਰੀ ਕੈਂਪ ਦੌਰਾਨ ਖੇਤੀ ਮਾਹਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਮਸ਼ੀਨਰੀ ਬਾਰੇ ਲੋੜੀਂਦੀਆਂ ਪ੍ਰਕਾਸ਼ਨਾਵਾਂ ਦੀ ਵੰਡ ਵੀ ਕੀਤੀ ਗਈ।