- ਬਲਾਕ ਖੇੜਾ ਦੇ ਪਿੰਡ ਕੋਟਲਾ ਬਜਵਾੜਾ ਅਤੇ ਬਡਾਲੀ ਮਾਈ ਕੀ ਵਿਖੇ ਲਗਾਏ ਕੈਂਪ ਵਿਚ ਕਰੀਬ 70 ਕਿਸਾਨਾਂ ਲਿਆ ਹਿੱਸਾ
ਫਤਹਿਗੜ੍ਹ ਸਾਹਿਬ, 18 ਅਕਤੂਬਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜ੍ਹੀ ਤਹਿ ਬਲਾਕ ਖੇੜਾ ਦੇ ਪਿੰਡ ਕੋਟਲਾ ਬਜਵਾੜਾ ਅਤੇ ਪਿੰਡ ਬਡਾਲੀ ਮਾਈ ਕੀ ਵਿਖੇ ਕੈਂਪ ਲਗਾਏ ਗਏ। ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਕਰੀਬ 70 ਕਿਸਾਨਾਂ ਨੇ ਭਾਗ ਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜ੍ਹੀ ਅਫਸਰ, ਸ੍ਰੀ ਰੰਗੀਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਭਾਗ ਦੇ ਨੁਮਾਇੰਦੇ ਸ੍ਰੀ ਰਾਜਵੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਸਦਕਾ ਪਿਛਲੇ ਸਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪਰਾਲੀ ਸਾੜਨ ਦੇ ਘੱਟ ਮਾਮਲੇ ਰਿਕਾਰਡ ਕੀਤੇ ਗਏ ਸਨ,ਜੋ ਕਿ ਇੱਕ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਦੀ ਬਜਾਇ ਜੇਕਰ ਧਰਤੀ ਵਿੱਚ ਮਿਲਾਇਆ ਜਾਵੇ ਤਾਂ ਇਹ ਬਹੁਤ ਵਧੀਆ ਖਾਦ ਦਾ ਕੰਮ ਕਰੇਗੀ। ਪਰਾਲੀ ਵਿੱਚ ਭਰਪੂਰ ਮਾਤਰਾ ਵਿੱਖ ਛੋਟੇ ਤੱਤ ਪਾਏ ਜਾਂਦੇ ਹਨ, ਜੋ ਕਿ ਆਉਣ ਵਾਲੀ ਕਣਕ ਦੀ ਫਸਲ ਦੀ ਲੋੜ ਪੂਰੀ ਕਰੇਗੀ। ਇਸ ਨਾਲ ਕੈਮੀਕਲ ਖਾਦਾਂ ਤੇ ਨਿਰਭਰਤਾ ਘਟੇਗੀ ਅਤੇ ਧਰਤੀ ਵਿੱਚ ਸੁਧਾਰ ਹੋਵੇਗਾ।ਉਹਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਵਰਤੀ ਜਾਂਦੀ ਖੇਤੀ ਮਸ਼ੀਨਰੀ ਬਾਰੇ ਕਿਸਾਨਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਬਲਵੀਰ ਸਿੰਘ ਉੱਘੇ ਕਿਸਾਨ ਆਗੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਵਾਲੀਆਂ ਵੱਖ—ਵੱਖ ਮਸ਼ੀਨਾਂ ਤੇ 50 ਤੋਂ 80ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਕਰਨ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੰਦਾ ਹੈ ਉੱਥੇ ਹੀ ਬਿਜਾਈ ਲਈ ਖਰਚਾ ਵੀ ਬਹੁਤ ਘੱਟ ਹੁੰਦਾ ਹੈ।ਉਹਨਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਰਾਇ ਨਾਲ ਖੇਤੀ ਕਰਕੇ ਹੀ ਘੱਟ ਖਰਚੇ ਨਾਲ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਲਈ ਅਜਿਹੇ ਕੈਂਪ ਆਮ ਕਿਸਾਨਾਂ ਲਈ ਲਾਹੇਵੰਦ ਭੂਮਿਕਾ ਅਦਾ ਕਰਦੇ ਹਨ।ਇਸ ਮੌਕੇ ਸ੍ਰੀ ਪਰਮਿੰਦਰਪਾਲ ਸਿੰਘ ਸਰਪੰਚ, ਸ੍ਰੀ ਹਰਜਿੰਦਰ ਸਿੰਘ ਨੰਬਰਦਾਰ, ਸ੍ਰੀ ਪਰਮਜੀਤ ਸਿੰਘ ਚੀਮਾ ਪ੍ਰਧਾਨ ਕਿਸਾਨ ਯੂਨੀਅਨ, ਸ੍ਰੀ ਮੇਜਰ ਸਿੰਘ ਅਤੇ ਪਿੰਡ ਕੋਟਲਾ ਬਜਵਾੜਾ, ਮਾਨੂੰਪੁਰ, ਮੰਡੋਫਲ, ਗੁਰੂ ਨਾਨਕ ਪੁਰਾ ਅਤੇ ਭੈਰੋਪੁਰ ਦੇ ਕਿਸਾਨ ਹਾਜਰ ਸਨ।