ਹਸਨਪੁਰ, ਭਨੋਹੜ ਅਤੇ ਹੋਰ ਨੇੜਲੇ ਪਿੰਡਾਂ ਤੋਂ 2 ਦਰਜਨ ਦੇ ਕਰੀਬ ਅਵਾਰਾ ਕੁੱਤੇ ਕੀਤੇ ਕਾਬੂ

ਲੁਧਿਆਣਾ, 15 ਜਨਵਰੀ 2025 : ਲੁਧਿਆਣਾ ਪ੍ਰਸ਼ਾਸਨ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਇੱਕ ਨਿੱਜੀ ਫਰਮ ਨਾਲ ਸਮਝੌਤਾ ਕਰਨ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਕੁੱਤਿਆਂ ਨੂੰ ਫੜਨ ਵਾਲੀ ਟੀਮ ਨੇ ਹਸਨਪੁਰ, ਭਨੋਹੜ ਅਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਦੋ ਦਰਜਨ ਦੇ ਕਰੀਬ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ। ਇਹ ਕਾਰਵਾਈ ਐਨੀਮਲ ਬਰਥ ਕੰਟਰੋਲ ਦੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਅਨੁਸਾਰ ਕੀਤੀ ਜਾ ਰਹੀ ਹੈ। ਇਹ ਅਭਿਆਨ ਬੀ.ਡੀ.ਪੀ.ਓ ਦੀ ਨਿਗਰਾਨੀ ਹੇਠ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਨਾਲ ਚਲਾਇਆ ਗਿਆ ਹੈ ਜੋ ਕਿ ਪ੍ਰੋਜੈਕਟ ਦੇ ਨੋਡਲ ਅਫਸਰ ਹਨ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ। ਪਿੰਡ ਭਨੋਹੜ ਤੋਂ 10 ਦੇ ਕਰੀਬ, ਹਸਨਪੁਰ ਅਤੇ ਹੋਰ ਆਸਪਾਸ ਦੇ ਪਿੰਡਾਂ ਤੋਂ 7 ਦੇ ਕਰੀਬ ਕੁੱਤੇ ਫੜੇ ਗਏ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚੋਂ ਆਵਾਰਾ ਕੁੱਤਿਆਂ ਦੀ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਪ੍ਰਾਈਵੇਟ ਫਰਮ ਵੱਲੋਂ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾਵੇਗੀ। ਜੋਰਵਾਲ ਨੇ ਇਹ ਵੀ ਦੱਸਿਆ ਕਿ ਨਸਬੰਦੀ ਪ੍ਰੋਜੈਕਟ ਦਾ ਉਦੇਸ਼ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨਾ ਅਤੇ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਹੋਰ ਮਿਉਂਸਪਲ ਕਮੇਟੀਆਂ ਨੇ ਵੀ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਹੈ ਅਤੇ ਇਹ ਕੰਮ ਇੱਕ ਢੁਕਵੀਂ ਫਰਮ ਨੂੰ ਸੌਂਪਿਆ ਜਾਵੇਗਾ ਜੋ ਭਾਰਤ ਦੇ ਪਸ਼ੂ ਭਲਾਈ ਬੋਰਡ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਸ਼ਲਤਾ ਨਾਲ ਨਸਬੰਦੀ ਕਰ ਸਕਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਅਜਿਹੇ ਅਭਿਆਨ ਜ਼ਿਲ੍ਹੇ ਦੇ ਉਨ੍ਹਾਂ ਸਾਰੇ ਹਿੱਸਿਆਂ ਵਿੱਚ ਚਲਾਏ ਜਾਣਗੇ ਜਿੱਥੇ ਆਵਾਰਾ ਕੁੱਤਿਆਂ ਦੀ ਭਰਮਾਰ ਹੈ।