ਲੁਧਿਆਣਾ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਵੱਲੋਂ 69ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਬੈਂਕ ਬਿਲਡਿੰਗ ਵਿਖੇ ਮਨਾਇਆ ਗਿਆ।ਇਸ ਮੋਕੇ ਬੈਂਕ ਦੇ ਸਹਾਇਕ ਮੈਨੇਜਰ ਸ਼੍ਰੀ ਸੁਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਹਿਕਾਰੀ ਸਪਤਾਹ ਦੀ ਵਧਾਈ ਦਿੱਤੀ। ਬੈਂਕ ਮੈਨੇਜਰ ਸ਼੍ਰੀ ਸ਼ਵਿੰਦਰ ਸਿੰਘ ਬਰਾੜ ਵੱਲੋਂ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ. ਸੁਰਿੰਦਰ ਪਾਲ ਸਿੰਘ ਹੁੰਦਲ ਹਵਾਸ, ਬੈਂਕ ਚੇਅਰਮੈਨ ਨੇ ਸਹਿਕਾਰਤਾ ਲਹਿਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਲਹਿਰ ਦਾ ਮੁੱਢ ਪਿੰਡਾਂ ਤੋਂ ਬੱਝਿਆ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਦੇ ਰੋਕਡੇਲ ਸ਼ਹਿਰ ਵਿੱਚ ਇੱਕ ਔਰਤ ਵੱਲੋਂ ਇੱਕ ਸਟੋਰ ਚਲਾਇਆ ਗਿਆ ਸੀ, ਨੂੰ ਇਸ ਲਹਿਰ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਸ ਦੀ ਲੋੜ ਉਸ ਸਮੇਂ ਸ਼ੁਰੂ ਕੀਤੀ ਗਈ ਜਦੋਂ ਸ਼ਾਹੂਕਾਰਾਂ ਨੇ ਆਪਣੇ ਕਰਜੇ ਬਦਲੇ ਕਿਸਾਨਾਂ ਤੋਂ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ ਜਿਸ ਨਾਲ ਦੇਸ਼ ਵਿੱਚ ਅਰਾਜਕਤਾ ਫੈਲ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕਿਸਾਨਾਂ ਨੂੰ ਸ਼ਾਹੂਕਾਰਾਂ ਪਾਸ ਪਈਆਂ ਆਪਣੀਆਂ ਜ਼ਮੀਨਾਂ ਗਹਿਣੇ ਛੁਡਾਊਣ ਵਿੱਚ ਸਹਾਇਕ ਬਣਿਆ ਸੀ ਅਤੇ ਇਸ ਬੈਂਕ ਨੂੰ ਪਿਛਲੇ ਸਮੇਂ ਵਿੱਚ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਸੀ। ਪਰ ਸਮੇਂ ਦੀ ਤਬਦੀਲੀ ਨਾਲ ਸਾਡੀ ਸੋਚ, ਸਾਡੀ ਲੋੜਾਂ ਅਤੇ ਸਾਡੇ ਕਾਰੋਬਾਰ ਵੀ ਬਦਲੇ। ਇਸ ਲਈ ਜਰੂਰੀ ਸੀ ਕਿ ਕਾਰੋਬਾਰ ਵਿੱਚ ਬਦਲਾਅ ਅਨਸੁਾਰ ਕੰਮ ਵਿੱਚ ਵੀ ਬਦਲਾਅ ਕੀਤਾ ਜਾਵੇ ਅਤੇ ਇਸ ਬੈਂਕ ਦੇ ਕੰਮ-ਕਾਰ ਵਿੱਚ ਬਦਲਾਅ ਕਰਦੇ ਹੋਏ ਇਸ ਨੂੰ ਬਹੁ-ਉਦੇਸ਼ੀ ਬਣਾਇਆ ਗਿਆ। ਬੈਂਕ ਚੇਅਰਮੈਨ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਬੈਂਕ ਦੇ ਕਰਜਦਾਰਾਂ ਲਈ ਕੋਈ ਵਿਸ਼ੇਸ਼ ਰਾਹਤ ਸਕੀਮ ਲਾਗੂ ਕੀਤੀ ਜਾਵੇ ਕਿਊਂਕਿ ਪੰਜਾਬ ਦੇੇ ਕਿਸਾਨਾਂ ਦਾ ਹਰੀ ਕ੍ਰਾਂਤੀ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਿਛਲੀ ਸਰਕਾਰ ਦੇ ਸਮੇਂ ਤੋਂ ਇਸ ਬੈਂਕ ਦੇ ਕਿਸਾਨਾਂ ਨੂੰ ਸਧਾਰਨ ਵਿਆਜ 'ਤੇ ਦਿੱਤੇ ਜਾਣ ਵਾਲੇ ਕਰਜਿਆਂ 'ਤੇ ਲਗਾਈ ਗਈ ਰੋਕ ਨੂੰ ਹਟਾਇਆ ਜਾਵੇ। ਇਸ ਮੋਕੇ ਸ. ਹਰਦੀਪ ਸਿੰਘ ਮਨਸੂਰਾਂ, ਕਮੇਟੀ ਮੈਂਬਰ, ਸਟੇਟ ਨੁਮਾਇੰਦਾ, ਸ. ਬਹਾਦਰ ਸਿੰਘ ਮਨਸੂਰਾਂ ਸਾਬਕਾ ਸਰਪੰਚ, ਸ਼੍ਰੀ ਵਿਨੋਦ ਕੁਮਾਰ ਜੀਵਨਪੁਰ ਪੰਚਾਇਤ ਮੈਂਬਰ ਅਤੇ ਉੱਘੇ ਕਿਸਾਨ ਮੈਂਬਰ ਅਤੇ ਸਮੂਹ ਬੈਂਕ ਸਟਾਫ ਨੇ ਸ਼ਿਰਕਤ ਕੀਤੀ।