ਲੁਧਿਆਣਾ, 02 ਅਕਤੂਬਰ : ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ(ਰਜਿ.) ਲੁਧਿਆਣਾ ਵੱਲੋਂ 20 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 45ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਮੇਲੇ ਵਿੱਚ ਪੰਜ ਸਿਰਕੱਢ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਦੇ ਗ੍ਰਹਿ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ(ਬਠਿੰਡਾ) ਦੇ ਪਰੋ ਵਾਈਸ ਚਾਂਸਲਰ ਤੇ ਕਵੀ ਡਾਃ ਜਗਤਾਰ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਡਾਃ ਜਗਤਾਰ ਧੀਮਾਨ ਤੋਂ ਇਲਾਵਾ ਪ੍ਰੋਃ ਗੁਰਭਜਨ ਸਿੰਘ ਗਿੱਲ, ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ , ਸਕੱਤਰ ਜਨਰਲ ਡਾਃ ਨਿਰਮਲ ਜੌੜਾ, ਜਨਰਲ ਸਕੱਤਰ ਸਃ ਅਮਰਿੰਦਰ ਸਿੰਘ ਜੱਸੋਵਾਲ ਤੇ ਜਾਸਮੀਨ ਸਿੰਘ ਗਰੇਵਾਲ ਨਾਰੰਗਵਾਲ ਖ਼ੁਰਦ (ਲੁਧਿਆਣਾ) ਸ਼ਾਮਿਲ ਹੋਏ। ਇਹ ਜਾਣਕਾਰੀ ਦੇਂਦਿਆਂ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਸਕੱਤਰ ਜਨਰਲ ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਸਨਮਾਨਿਤ ਸ਼ਖਸੀਅਤਾਂ ਵਿੱਚ ਜਗਤਪੁਰ( ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵੱਸਦੇ ਪੰਜਾਬੀ ਕਵੀ ਤੇ ਸਫ਼ਲ ਕਿਸਾਨ ਸਃ ਮਹਿੰਦਰ ਸਿੰਘ ਦੋਸਾਂਝ,ਅੰਬਾਲਾ ਵਾਸੀ ਗ਼ਜ਼ਲ ਗਾਇਕ ਵਿਨੋਦ ਸਹਿਗਲ(ਜਗਜੀਤ ਸਿੰਘ ਜੀ ਦੇ ਸ਼ਾਗਿਰਦ) ਉਲੰਪੀਅਨ ਸ਼ੂਟਰ ਅਵਨੀਤ ਕੌਰ ਸਿੱਧੂ, ਮਨਸੂਰਾਂ (ਲੁਧਿਆਣਾ) ਦੇ ਜੰਮਪਲ ਪਰਵਾਸੀ ਪੰਜਾਬੀ ਕਾਰੋਬਾਰੀ ਆਗਿਆਕਾਰ ਸਿੰਘ ਗਰੇਵਾਲ ਤੇ ਰਵਾਇਤੀ ਲੋਕ ਸੰਗੀਤਕਾਰ ਨਵਜੋਤ ਸਿੰਘ ਜਰਗ ਨੂੰ ਸਨਮਾਨਿਤ ਕੀਤਾ ਜਾਵੇਗਾ। ਸਃ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਤੇ ਫਾਉਂਡੇਸ਼ਨ ਦੇ ਜਨਰਲ ਸਕੱਤਰ ਅਮਰਿੰਦਰ ਸਿੰਘ ਜੱਸੋਵਾਲ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਪ੍ਰੋਃ ਮੋਹਨ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ 20 ਅਕਤੂਬਰ ਪੰਜਾਬ ਦੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਮੁੱਖ ਸਰਪ੍ਰਸਤ ਡਾਃ ਸ ਸ ਜੌਹਲ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸਿਰਕੱਢ ਪੰਜਾਬੀ ਕਵੀ ਡਾਃ ਸੁਰਜੀਤ ਪਾਤਰ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਃ ਅਰਵਿੰਦ ਢਿੱਲੋਂ, ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜ਼ਿੰਦਾਂ ਪੁਰੀ,ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਵੇਰੇ 10.30 ਵਜੇ ਪੰਜਾਬੀ ਭਵਨ ਦੇ ਬਾਹਰ ਪ੍ਰੋਃ ਮੋਹਨ ਸਿੰਘ ਦੇ ਬੁੱਤ ਨੂੰ ਫਾਉਂਡੇਸ਼ਨ ਦੇ ਅਹੁਦੇਦਾਰਾਂ ਸਮੇਤ ਪੁਸ਼ਪ ਮਾਲਾਵਾਂ ਭੇਂਟ ਕਰਕੇ ਕਰਨਗੇ। ਮੇਲੇ ਦਾ ਪਹਿਲਾ ਸੈਸ਼ਨ ਪ੍ਰੋਃ ਮੋਹਨ ਸਿੰਘ ਰਚਨਾ ਸੈਮੀਨਾਰ ਤੇ ਕਵੀ ਦਰਬਾਰ ਤੇ ਆਧਾਰਿਤ ਹੋਵੇਗਾ ਜਿਸ ਵਿੱਚ ਸੁਆਗਤੀ ਸ਼ਬਦ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਕਹਿਣਗੇ। ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ “ਪ੍ਰੋਃ ਮੋਹਨ ਸਿੰਘ ਦੇ ਕਾਵਿ ਦੀ ਵਰਤਮਾਨ ਹਾਲਾਤ ਵਿੱਚ ਸਾਰਥਿਕਤਾ” ਅਤੇ ਨਿੰਦਰ ਘੁਗਿਆਣਵੀ “ਪ੍ਰੋਃ ਮੋਹਨ ਸਿੰਘ ਮੇਲਾਃ ਲੋਕ ਮਨ ਪ੍ਰਭਾਵ “ ਵਿਸ਼ੇ ਤੇ ਸੰਬੋਧਨ ਕਰਨਗੇ। ਇਸ ਉਪਰੰਤ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਦਰਾਂ ਚੋਣਵੇਂ ਪੰਜਾਬੀ ਕਵੀ ਭਾਗ ਲੈਣਗੇ। ਇਸ ਉਪਰੰਤ ਸਨਮਾਨ ਸਮਾਰੋਹ ਹੋਵੇਗਾ। ਦੂਜਾ ਸੈਸ਼ਨ ਦੋ ਵਜੇ ਆਰੰਭ ਹੋਵੇਗਾ ਜਿਸ ਦੀ ਪ੍ਰਧਾਨਗੀ ਸਃ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਕਰਨਗੇ ਜਦ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਕ ਡਾ. ਸ ਸ ਗੋਸਲ, ਪੁਲੀਸ ਕਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ ਤੇ ਗੁਰੂ ਕਾਸ਼ੀ ਯੂਨੀਵਰਸੱਟੀ ਦੇ ਚਾਂਸਲਰ ਸਃ ਗੁਰਲਾਭ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪੁੱਜਣਗੇ। ਇਸ ਸੈਸ਼ਨ ਵਿੱਚ ਕਵੀਸ਼ਰੀ, ਢਾਡੀ ਰਾਗ, ਲੋਕ ਸੰਗੀਤ ਵੰਨਗੀਆਂ , ਲੋਕ ਸਾਜ਼ ਆਰਕੈਸਟਰਾ ਤੇ ਰਵਾਇਤੀ ਗਮੰਤਰੀ ਗਾਇਨ ਨਵਜੋਤ ਸਿੰਘ ਜਰਗ ਤੇ ਅੰਮ੍ਰਿਤਪਾਲ ਸਿੰਘ “ਪਾਲੀ ਖਾਦਿਮ” ਪੇਸ਼ ਕਰਨਗੇ। ਤੀਜਾ ਸੈਸ਼ਨ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਸੁਗਮ ਸੰਗੀਤ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਵਿੱਚ ਉੱਘੇ ਗ਼ਜ਼ਲ ਗਾਇਕ ਵਿਨੋਦ ਸਹਿਗਲ ਤੇ ਡਾਃ ਸੁਖਨੈਨ ਗ਼ਜ਼ਲਾਂ ਤੇ ਗੀਤਾਂ ਨਾਲ ਸਰੋਤਿਆਂ ਨਾਲ ਸਾਂਝ ਪਾਉਣਗੇ। ਇਸ ਮੇਲੇ ਦਾ ਲਾਈਵ ਟੈਲੀਕਾਸਟ ਮਾਲਵਾ ਟੀ ਵੀ ਵੱਲੋਂ ਅੰਮ੍ਰਿਤਪਾਲ ਸਿੰਘ ਗਰੇਵਾਲ ਕਰਨਗੇ।