- ਸਿਵਲ ਪ੍ਰਸ਼ਾਸਨ ਤੇ ਫੌਜ ਦੇ ਜਵਾਨਾਂ ਨੇ ਰਾਤ ਸਮੇਂ ਚਲਾਇਆ ਸਫ਼ਲ ਰੈਸਕਿਊ ਆਪ੍ਰੇਸ਼ਨ
- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਦਰਿਆ ਨਾਲ ਲੱਗਦੇ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਅਪੀਲ
- ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ਤੇ ਸਥਾਪਿਤ ਕੰਟਰੋਲ ਰੂਮ ਦੇ ਫੋਨ ਨੰਬਰਾਂ ਤੇ ਕੀਤਾ ਜਾਵੇ ਸੰਪਰਕ
ਫਿਰੋਜ਼ਪੁਰ, 10 ਜੁਲਾਈ : ਪਿਛਲੇ ਦਿਨਾਂ ਵਿੱਚ ਆਏ ਤੇਜ਼ ਮੀਂਹ ਕਾਰਨ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਜਿੱਥੇ ਨੀਂਵੇ ਇਲਾਕਿਆ ਵਿੱਚ ਪਾਣੀ ਭਰ ਗਿਆ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਦੀ ਮਾਰ ਹੇਠ ਆਉਂਦੇ ਨੀਵੇਂ ਇਲਾਕਿਆਂ ਦੇ ਲੋਕਾਂ ਨੁੰ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ। ਬੀਤੀ ਰਾਤ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੂੰ ਇਤਲਾਹ ਮਿਲੀ ਕਿ ਜ਼ੀਰਾ ਸਬ-ਡਵੀਜ਼ਨ ਦੇ ਪਿੰਡ ਅਰਾਜ਼ੀ ਸਭਰਾਂ ਵਿੱਚ ਦਰਿਆ ਦੀ ਮਾਰ ਹੇਠ ਆਉਣ ਵਾਲੀਆਂ ਜ਼ਮੀਨਾਂ ਵਿੱਚ ਸ਼ਬਜ਼ੀਆਂ ਦੀ ਕਾਸ਼ਤ ਕਰਦੇ ਪ੍ਰਵਾਸੀ ਮਜ਼ਦੂਰ, ਬੱਚੇ ਅਤੇ ਉਨ੍ਹਾਂ ਦੇ ਪਸ਼ੂ ਫਸ ਗਏ ਹਨ ਤਾਂ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਪਹੁੰਚ ਕੇ ਦਰਿਆ ਦੇ ਪਾਣੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਸਿਵਲ ਪ੍ਰਸ਼ਾਸਨ ਤੇ ਫੌਜ ਦੇ ਸਾਂਝੇ ਰੈਸਕਿਓ ਆਪ੍ਰੇਸ਼ਨ ਕਾਰਨ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਗਭਗ 41 ਮੈਂਬਰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਰਾਤ ਸਮੇਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦੱਸਿਆ ਕਿ ਪਿੰਡ ਅਰਾਜ਼ੀ ਸਭਰਾਂ ਨਜ਼ਦੀਕ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੀ ਕੁੱਲ ਗਿਣਤੀ 41 ਦੇ ਕਰੀਬ ਹੈ ਅਤੇ ਉਹ ਆਪਣੇ ਪਸ਼ੂਆਂ ਸਮੇਤ ਦਰਿਆ ਦੇ ਪਾਣੀ ਵਿੱਚ ਘਿਰ ਗਏ ਸਨ ਅਤੇ ਦਰਿਆ ਵਿੱਚ ਉਸ ਥਾਂ ਤੇ ਪਾਣੀ ਦਾ ਪੱਧਰ 6 ਤੋਂ 8 ਫੁੱਟ ਤੱਕ ਵੱਧ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਭਾਰਤੀ ਫੌਜ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ 29 ਵੱਡੇ ਮਜ਼ਦੂਰਾਂ ਤੇ 12 ਉਨ੍ਹਾਂ ਦੇ ਬੱਚਿਆਂ ਸਮੇਤ ਪਸ਼ੂਆਂ ਨੂੰ ਵੀ ਕਿਸ਼ਤੀਆਂ ਦੀ ਮੱਦਦ ਨਾਲ ਸੁਰੱਖਿਅਤ ਥਾਵਾਂ ਤੇ ਪਹੁੰਚਿਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਉੱਦਮ ਲਈ ਫੌਜ ਦੀ ਟੀਮ ਦੇ ਜਵਾਨਾਂ ਅਤੇ ਅਧਿਕਾਰੀ ਇੰਜੀਨੀਅਰ ਵਿੰਗ ਦੇ ਮੇਜਰ ਏ ਪ੍ਰਮਾਰ ਜਿਨ੍ਹਾਂ ਵੱਲੋਂ ਟੀਮ ਦੀ ਅਗਵਾਈ ਕੀਤੀ ਗਈ ਸੀ ਉਨ੍ਹਾਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਭਾਵੀ ਹੜ੍ਹ ਦੇ ਖਤਰਿਆਂ ਨੂੰ ਵੇਖਦਿਆਂ ਐਨ.ਡੀ.ਆਰ.ਐਫ. ਤੇ ਭਾਰਤੀ ਫੌਜ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਵੀ ਅਣ-ਸੁਖਾਵੀਂ ਘਟਨਾ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਐਸ.ਐਸ.ਪੀ. ਸ੍ਰੀ ਭੁਪਿੰਦਰ ਸਿੰਘ ਅਤੇ ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਨਾਲ ਪਹੁੰਚ ਕੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹ ਸਾਰੇ ਚੜ੍ਹਦੀਕਲਾ ਵਿੱਚ ਹਨ। ਉਨ੍ਹਾਂ ਦਰਿਆ ਦੇ ਬੰਨ੍ਹ ਅੰਦਰਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਜ਼ਰੂਰੀ ਸਮਾਨ ਤੇ ਪਸ਼ੂ ਲੈ ਕੇ ਸੁਰੱਖਿਅਤ ਸਥਾਨਾਂ ਤੇ ਪਹੁੰਚ ਜਾਣ ਕਿਉਂਕਿ ਇਹ ਕੁਦਰਤੀ ਕਰੋਪੀ ਹੈ ਅਤੇ ਪਾਣੀ ਦਾ ਪੱਧਰ ਜ਼ਿਆਦਾ ਵੱਧ ਜਾਣ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੇ ਲੋਕਾਂ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ।