- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੱਡ ਕੇ ਪੰਚਾਇਤਾਂ ਦੇ ਸਪੁਰਦ ਕਰਨ ਦੀ ਅਪੀਲ
ਮਾਨਸਾ, 11 ਜੁਲਾਈ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਪੰਚਾਇਤੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਛੁਡਵਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਕੁਲਰੀਆਂ ਵਿਖੇ ਪੰਚਾਇਤੀ ਵਾਹੀਯੋਗ ਕਰੀਬ 32 ਏਕੜ ਜ਼ਮੀਨ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਚਕੌਤੇਦਾਰਾਂ ਦੇ ਸਪੁਰਦ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਰਕਬੇ ਦੀ ਮਾਲ ਵਿਭਾਗ ਰਾਹੀਂ 2 ਮਈ 2023 ਨੂੰ 43 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਵਿੱਚ ਕਰੀਬ 7 ਏਕੜ ਵਿੱਚ ਪੱਕੇ ਘਰ ਬਣੇ ਹੋਏ ਹਨ ਅਤੇ ਕਰੀਬ 4 ਏਕੜ ਰਕਬਾ ਇਸ ਜ਼ਮੀਨ ਨੂੰ ਖਾਲ ਅਤੇ ਪਹੀਆਂ/ਰਸਤੇ ਲੱਗਦੇ ਹਨ। ਇਸ ਰਕਬੇ ਦੀ ਨਿਸ਼ਾਨਦੇਹੀ ਸਮੇਂ ਅਤੇ ਖੁੱਲ੍ਹੀ ਬੋਲੀ ਰਾਹੀਂ ਚਕੌਤੇ ’ਤੇ ਦੇਣ ਸਮੇਂ ਕਿਸੇ ਵੀ ਵਿਅਕਤੀ ਵੱਲੋਂ ਕੋਈ ਇਤਰਾਜ ਨਹੀਂ ਕੀਤਾ ਗਿਆ। ਪ੍ਰੰਤੂ ਕੱੁਝ ਵਿਅਕਤੀਆਂ ਵੱਲੋਂ ਚਕੌਤੇਦਾਰਾਂ ਨੂੰ ਜ਼ਮੀਨ ਵਾਹੁਣ ਤੋਂ ਰੋਕਣ ’ਤੇ ਗ੍ਰਾਮ ਪੰਚਾਇਤ ਦੀ ਮੰਗ/ਮਤੇ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਰਾਹੀਂ ਪੁਲਿਸ ਦੀ ਮਦਦ ਲੈ ਕੇ ਇਹ ਰਕਬਾ ਫਸਲ ਬੀਜਣ ਲਈ ਚਕੌਤੇਦਾਰਾਂ ਦੇ ਸਪੁਰਦ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਰਹਿੰਦੀ 7 ਏਕੜ ਜ਼ਮੀਨ ’ਚ ਪੱਕੇ ਘਰ ਬਣਾਏ ਗਏ ਹਨ, ਜਿਸ ’ਤੇ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਨਿਸ਼ਾਨਦੇਹੀ ਤੋਂ ਰਹਿੰਦੀ ਕਰੀਬ 28 ਏਕੜ ਜ਼ਮੀਨ ਲਈ ਪੁਲਿਸ ਇਮਦਾਦ ਮਿਲ ਚੁੱਕੀ ਹੈ ਜਿਸ ’ਤੇ ਜਲਦੀ ਹੀ ਨਿਸ਼ਾਨਦੇਹੀ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਉਪ ਮੰਡਲ ਮੈਜਿਸਟ੍ਰੇਟ ਬੁਢਲਾਡਾ ਸ਼੍ਰੀ ਪ੍ਰਮੋਦ ਸਿੰਗਲਾ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਸੁਖਵੀਰ ਕੌਰ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾਜਾਇਜ਼ ਕਬਜ਼ੇ ਵਾਲੀਆਂ ਪੰਚਾਇਤੀ ਜ਼ਮੀਨਾਂ ਪੰਚਾਇਤ ਦੇ ਸਪੁਰਦ ਕਰ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਤੋਂ ਪ੍ਰਾਪਤ ਆਮਦਨ ਪਿੰਡਾਂ ਦੇ ਵਿਕਾਸ ’ਤੇ ਖਰਚ ਹੋ ਸਕੇ। ਇਸ ਮੌਕੇ ਐਸ.ਪੀ. (ਡੀ) ਸ਼੍ਰੀ ਬਾਲਕ੍ਰਿਸ਼ਨ, ਉਪ ਕਪਤਾਨ ਪੁਲਿਸ ਸ਼੍ਰੀ ਪ੍ਰਿਤਪਾਲ ਸਿੰਘ, ਸੰਜੀਵ ਗੋਇਲ, ਗੁਰਸ਼ਰਨ ਸਿੰਘ, ਮਨਜੀਤ ਸਿੰਘ, ਮੁੱਖ ਅਫ਼ਸਰ ਥਾਣਾ ਬਰੇਟਾ ਬੂਟਾ ਸਿੰਘ, ਇੰਚਾਰਜ ਪੁਲਿਸ ਚੌਂਕੀ ਕੁਲਰੀਆਂ ਭੁਪਿੰਦਰ ਸਿੰਘ ਅਤੇ ਡਿਊਟੀ ਮੈਜਿਸਟ੍ਰੇਟ ਸ਼੍ਰੀ ਗੁਰਿੰਦਰ ਪਾਲ ਸਿੰਘ ਪਨੂੰ, ਬੀ.ਡੀ.ਪੀ.ਓ. ਬੁਢਲਾਡਾ ਸ਼੍ਰੀ ਸੁਖਵਿੰਦਰ ਸਿੰਘ, ਉਪ ਮੰਡਲ ਅਫ਼ਸਰ ਵਾਟਰ ਸਪਲਾਈ ਪ੍ਰਗਟ ਸਿੰਘ, ਲਲਿਤ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।