ਫਾਜ਼ਿਲਕਾ, 19 ਅਕਤੂਬਰ : ਜ਼ਿਲ੍ਹਾ ਪੁਲਿਸ ਮੁੱਖੀ ਫਾਜ਼ਿਲਕਾ ਸ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ 21 ਅਕਤੂਬਰ ਦਾ ਦਿਨ ਜ਼ੋ ਸਾਰੇ ਭਾਰਤ ਵਿੱਚ ਰਾਸ਼ਟਰੀ ਪੁਲਿਸ ਦਿਵਸ ਵੱਜੋ ਮਨਾਇਆ ਜਾਂਦਾ ਹੈ, ਇਸ ਦਿਨ ਦਾ ਮਹੱਤਵ ਹੈ ਕਿ 21 ਅਕਤੂਬਰ 1959 ਨੂੰ ਚੀਨ ਵਿਰੁੱਧ ਲੜਾਈ ਦੋਰਾਨ ਲੇਹ ਲੱਦਾਖ ਦੇ ਹੋਟ ਸਪਰਿੰਗ ਇਲਾਕਾ ਵਿੱਚ ਤਾਇਨਾਤ ਕੀਤੇ ਗਏ ਜਵਾਨਾਂ ਦੀ ਇੱਕ ਟੁਕੜੀ ਪਰ ਚੀਨ ਵੱਲੋ ਅਚਾਨਕ ਘਾਤ ਲਗਾ ਕੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸਨ।ਜਿਹਨਾਂ ਦੀ ਯਾਦ ਵਿੱਚ ਅਤੇ ਵੱਖ-ਵੱਖ ਡਿਊਟੀਆਂ ਦੋਰਾਨ ਹੋਰ ਸ਼ਹੀਦ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਾਲ 1960 ਵਿੱਚ ਸਮੂਹ ਸਟੇਟਾਂ ਦੇ ਮਾਨਯੋਗ ਆਈ.ਜੀ.ਪੀਜ਼. ਦੀ ਕਾਨਫਰੰਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਸਾਰੇ ਦੇਸ਼ ਵਿੱਚ ਜਿਲ੍ਹਾ ਹੈਡਕੁਆਟਰਾਂ ਅਤੇ ਹੋਰ ਪੁਲਿਸ ਯੂਨਿਟਾਂ ਵਿੱਚ 21 ਅਕਤੂਬਰ ਨੂੰ ਪੁਲਿਸ ਸ੍ਰਮਿਤੀ ਦਿਵਸ ਵੱਜੋ ਮਨਾਇਆ ਜਾਇਆ ਜਾਇਆ ਕਰੇਗਾ। ਇਸ ਲਈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਸ਼ਰਧਾਂਜਲੀ ਦੇਣ ਲਈ ਮਿਤੀ ਦਿਨ 21 ਅਕਤੂਬਰ 2023 ਸ਼ਨੀਵਾਰ ਨੂੰ ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਸਮ੍ਰਿਤੀ ਦਿਵਸ ਵੱਜੋ ਮਨਾਇਆ ਜਾਣਾ ਹੈ ਅਤੇ ਇਹਨਾਂ ਸ਼ਹੀਦ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ੋਕ ਸਲਾਮੀ ਦਿੱਤੀ ਜਾਵੇਗੀ। ਅੱਤਵਾਦ ਸਮੇਂ ਦੋਰਾਨ ਪੰਜਾਬ ਵਿੱਚ ਕੁੱਲ 1784 ਪੁਲਿਸ ਅਧਿਕਾਰੀ/ਕਰਮਚਾਰੀ ਜਿਹਨਾਂ ਵਿੱਚ 02/ਡੀ.ਆਈ.ਜੀ., 03/ਐਸ.ਐਸ.ਪੀ., 04/ਐਸ.ਪੀ., 12/ਡੀ.ਐਸ.ਪੀ., 32/ਇੰਸਪੈਕਟਰ, 61/ਸਬ ਇੰਸਪੈਕਟਰ, 111/ਏ.ਐਸ.ਆਈ., 268/ਮੁੱਖ ਸਿਪਾਹੀ, 817/ਸਿਪਾਹੀ, 294/ਪੰਜਾਬ ਹੋਮਗਾਰਡਜ਼ ਅਤੇ 180/ਐਸ.ਪੀ.ਓਜ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹਨਾਂ ਵਿੱਚੋ 01/ਏ.ਐਸ.ਆਈ., 06/ਸਿਪਾਹੀ ਅਤੇ 05/ਪੀ.ਐਚ.ਜੀ. ਜਿਲਾ ਫਾਜਿਲਕਾ ਨਾਲ ਸਬੰਧਤ ਹਨ, ਜਿਨ੍ਹਾਂ ਨੇ ਦੇਸ਼ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਕੀਮਤੀ ਜਾਨਾਂ ਕੁਰਬਾਨ ਕੀਤੀਆਂ,ਜਿਹਨਾਂ ਨੂੰ ਅਸੀਂ ਕਦੇ ਵੀ ਭੁੱਲ ਨਹੀ ਸਕਦੇ। ਸਾਨੂੰ ਇਹਨਾ ਸ਼ਹੀਦਾਂ ਪਰ ਪੂਰਾ ਮਾਣ ਹੈ ਅਤੇ ਸਦਾ ਰਹੇਗਾ। ਇਸ ਤੋਂ ਇਲਾਵਾ ਹਲਕਾ ਅਫਸਰਾਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਏਰੀਆ ਅਧੀਨ ਰਿਹਾਇਸ਼ੀ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਮੀਟਿੰਗ ਕਰਨਗੇ ਅਤੇ ਉਹਨਾਂ ਦੀਆਂ ਦੁੱਖ-ਤਕਲੀਫਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਜਿਲਾ ਫਾਜਿਲਕਾ ਦੀ ਸਮੂਹ ਪੁਲਿਸ ਵੱਲੋ 21 ਅਕਤੂਬਰ 2023 ਨੂੰ ਇਹ ਪ੍ਰਣ ਲਿਆ ਜਾਵੇਗਾ ਕਿ ਸ਼ਹੀਦ ਕਰਮਚਾਰੀਆਂ ਦੀਆਂ ਕੁਰਬਾਨੀਆਂ ਦੇ ਰਾਹ ਤੇ ਚੱਲਦੇ ਹੋਏ, ਦੇਸ਼ ਦੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਗੇ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ।