ਫਤਿਹਗੜ੍ਹ ਚੂੜੀਆਂ, 29 ਅਕਤੂਬਰ : ਪੰਜਾਬ ਵਿੱਚ ਟਰੈਕਟਰਾਂ ਉਪਰ ਸਟੰਟ ਵਿਖਾਉਣ ਦਾ ਰੁਝਾਨ ਕਾਫੀ ਵਧ ਗਿਆ ਹੈ। ਖੇਡ ਮੇਲਿਆਂ ਤੇ ਹੋਰ ਸਮਾਰੋਹਾਂ ਦੌਰਾਨ ਖਾਸ ਤੌਰ ਉਤੇ ਪਿੰਡਾਂ ਦੇ ਨੌਜਵਾਨ ਟਰੈਕਟਰਾਂ ਰਾਹੀਂ ਆਪਣੇ ਸਟੰਟ ਦਾ ਮੁਜ਼ਾਹਰਾ ਕਰਦੇ ਹਨ। ਇਸ ਦੌਰਾਨ ਸਟੰਟ ਵਿਖਾਉਂਦੇ ਹੋਏ ਨੌਜਵਾਨ ਸਬੰਧੀ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਦੀ ਹੈ। ਇੱਥੇ ਬਾਬਾ ਗਨੀ ਜੀ ਦੀ ਯਾਦ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ। ਘਟਨਾ ਤੋਂ ਬਾਅਦ ਪ੍ਰਬੰਧਕਾਂ ਨੇ ਮੇਲਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਪਿੰਡ ਸਾਰਚੂਰ ਵਿੱਚ ਖੇਡ ਮੇਲੇ ਦਰਮਿਆਨ ਦੇਰ ਸ਼ਾਮ ਪਿੰਡ ਠੱਠੇ ਦੇ ਸਟੰਟ ਮੇਨ ਦੀ ਸਟੰਟ ਵਿਖਾਉਣ ਦੌਰਾਨ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਮੇਲੇ ਵਿੱਚ ਭਗਦੜ ਮੱਚ ਗਈ। ਲੋਕਾਂ ਨੇ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਵਜੋਂ ਹੋਈ ਹੈ ਤੇ ਉਹ ਅਕਸਰ ਟਰੈਕਟਰ ਉਪਰ ਆਪਣੇ ਸਟੰਟ ਵਿਖਾਉਂਦਾ ਹੁੰਦਾ ਸੀ। ਖੇਡ ਮੇਲੇ ਵਿੱਚ ਟਰੈਕਟਰ ਉਪਰ ਸਟੰਟ ਕਰ ਰਿਹਾ ਸੀ। ਇਹ ਹਾਦਸਾ ਸੁਖਮਨਦੀਪ ਸਿੰਘ ਸਟੰਟ ਕਰਦੇ ਸਮੇਂ ਟਰੈਕਟਰ ਦੇ ਥੱਲੇ ਆ ਗਿਆ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਟੰਟ ਦਿਖਾਉਂਦੇ ਸਮੇਂ ਉਹ ਟਰੈਕਟਰ ਨੂੰ ਪਿਛਲੇ ਦੋ ਟਾਇਰ ਉਪਰ ਖੜ੍ਹਾ ਕਰਕੇ ਖੁਦ ਥੱਲੇ ਉੱਤਰ ਆਉਂਦਾ ਹੈ ਤਾਂ ਟਰੈਕਟਰ ਕਾਫੀ ਦੇਰ ਉਥੇ ਹੀ ਘੁਮਦਾ ਰਹਿੰਦਾ ਹੈ। ਇਸ ਦੌਰਾਨ ਸੁਖਮਨਦੀਪ ਮੁੜ ਟਰੈਕਟਰ ਉਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਉਹ ਤੇਜ਼ੀ ਨਾਲ ਘੁਮ ਰਹੇ ਟਰੈਕਟਰ ਦੇ ਥੱਲੇ ਆ ਜਾਂਦਾ ਹੈ। ਹਾਲਾਂਕਿ ਆਲੇ-ਦੁਆਲੇ ਦੇ ਨੌਜਵਾਨਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟਰੈਕਟਰ ਦੇ ਦੋਵੇਂ ਪਿਛਲੇ ਟਾਇਰਾਂ ਦੇ ਵਿਚਾਲੇ ਫਸ ਜਾਂਦਾ ਹੈ। ਇਸ ਦੌਰਾਨ ਸੁਖਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਤੇਜ਼ੀ ਨਾਲ ਘੁੰਮ ਰਹੇ ਟਰੈਕਟਰ ਤੋਂ ਖੁਦ ਵੀ ਬਚਾਉਂਦੇ ਹੋਏ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਬੇਸੁੱਧ ਹੋਏ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਦੀ ਵੀਡੀਓ ਪੰਜਾਬ ਭਰ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ। ਉਸ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਨਾਲ ਸਟੰਟ ਕਰਨਾ ਸਿੱਖਿਆ। ਉਦੋਂ ਤੋਂ ਉਹ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਸਟੰਟ ਕਰਦਾ ਸੀ।