- ‘ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ’ ਦਾ ਦੂਜਾ ਦਿਨ
- ਜੋਸ਼ ਉਤਸਵ ਸਮਾਗਮ ਵਿੱਚ ਹਰੀ ਸਿੰਘ ਨਲੂਆ ਦੀ ਜੀਵਨੀ ਨਾਲ ਸਬੰਧਤ ਨਾਟਕ, ਗੀਤ ਤੇ ਢਾਡੀ ਵਾਰਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ
- ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ
- ਜ਼ਿਲ੍ਹਾ ਵਾਸੀ ਕੱਲ 29 ਅਕਤੂਬਰ ਨੂੰ ਜੋਸ਼ ਉਤਸਵ ਦੇ ਆਖੀਰਲੇ ਦਿਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ - ਡਾ ਹਿਮਾਂਸੂ ਅਗਰਵਾਲ ਡਿਪਟੀ ਕਮਿਸ਼ਨਰ
ਗੁਰਦਾਸਪੁਰ, 28 ਅਕਤੂਬਰ : ਗੁਰਦਾਸਪੁਰ ਦੀ ਇਤਿਹਾਸਕ ਤੇ ਧਾਰਮਿਕ ਧਰਤੀ ਤੇ ਪੰਜਾਬ ਸਰਕਾਰ ਵੱਲੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਸਮਰਪਿਤ ਸਰਦਾਰ ਹਰੀ ਸਿੰਘ ਨਲੂਆ ‘ਜੋਸ਼ ਉਤਸਵ’ ਦੇ ਦੂਜੇ ਦਿਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੋਕੇ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ, ਹਰੀਸ ਦਾਯਮਾ ਐੱਸ.ਐੱਸ.ਪੀ. ਗੁਰਦਾਸਪੁਰ ਤੇ ਉੱਘੇ ਜਨਤਕ ਆਗੂ ਸਮਸ਼ੇਰ ਸਿੰਘ ਵੀ ਮੌਜੂਦ ਸਨ। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਜੋਸ਼ ਉਤਸਵ ਦੇ ਅੱਜ ਦੂਜੇ ਦਿਨ ਵੀ ਵੱਡੀ ਤਦਾਦ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਦਾ ਇਤਿਹਾਸ ਵਿੱਚ ਬਹੁਤ ਉੱਚਾ ਸਥਾਨ ਹੈ ਅਤੇ ਅੱਜ ਵੀ ਪੂਰੀ ਦੁਨੀਆਂ ਵਿੱਚ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ। ਉਨਾਂ ਅੱਗੇ ਕਿਹਾ ਕਿ ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮਾਣਮੱਤੇ ਇਤਿਹਾਸ ਤੇ ਵਿਰਸੇ ਨੂੰ ਸੰਭਾਲਣ ਦੇ ਨਾਲ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀ ਪਵਿੱਤਰ ਧਰਤੀ ਤੇ ਕਰਵਾਏ ਜਾ ਰਹੇ ਜੋਸ਼ ਉਤਸਵ ਵਿੱਚ ਲੋਕ ਆਪਣੇ ਇਸ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਬਹਾਦਰੀ ਤੋਂ ਸੇਧ ਲੈਣਗੇ ਤੇ ਉਹ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੂੰ ਸਿਰ ਝੁਕਾ ਕੇ ਸਿਜਦਾ ਕਰਦੇ ਹਨ। ਕੈਬਨਿਟ ਮੰਤਰੀ ਕਟਾਰੂਚੱਕ ਨੇ ਡਿਪਟੀ ਕਮਿਸ਼ਨਰ ਡਾ ਹਿਮਾਂਸੂ ਅਗਰਵਾਲ ਦੀ ਅਗਵਾਈ ਹੇਠ ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਕਰਵਾਉਣ ਦੀ ਸਰਾਹਨਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਹਿਮਾਂਸੂ ਅਗਰਵਾਲ, ਡਿਪਟੀ ਕਮਿਸ਼ਨਰ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਜਿਲਾ ਵਾਸੀਆਂ ਦਾ ਜੋਸ਼ ਉਤਸਵ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਿੰਨ ਦਿਨਾਂ 27, 28 ਤੇ 29 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਸਰਦਾਰ ਹਰੀ ਸਿੰਘ ਨਲੂਆ ਨੂੰ ਸਮਰਪਿਤ ਜੋਸ਼ ਉਤਸਵ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਕੱਲ 29 ਅਕਤੂਬਰ ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋ ਰਹੇ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸਵ’ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜੋਸ਼ ਉਤਸਵ’ ਵਿੱਚ ਸ਼ਿਰਕਤ ਕਰਨ ਲਈ ਐਂਟਰੀ ਬਿਲਕੁਲ ਮੁਫ਼ਤ ਹੈ। ਇਸ ਤੋਂ ਪਹਿਲਾਂ ਜੋਸ਼ ਉਤਸਵ ਵਿੱਚ ਸ਼ਬਦ ਗਾਇਨ, ਹਰੀ ਸਿੰਘ ਨਲੂਆ ਦੇ ਜੀਵਨ ਆਧਾਰਿਤ ਨਾਟਕ, ਗੀਤ, ਢਾਡੀ ਵਾਰਾਂ, ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਜੀਵਨ ਗਾਥਾ, ਐਸਐਸਐਮ ਕਾਲਜ ਦੀਨਾਨਗਰ, ਬੇਰਿੰਗ ਕਾਲਜ ਬਟਾਲਾ ਸਮੇਤ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ/ਵਿਦਿਆਰਥਣਾਂ ਵਲੋਂ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜੋਸ਼ ਉਤਸਵ ਦੌਰਾਨ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗੁਰਵਿੰਦਰ ਬਰਾੜ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਸਟੇਡੀਅਮ ਵਿੱਚ ਹਾਜ਼ਰ ਦਰਸ਼ਕਾਂ ਨੇ ਗਾਇਕੀ ਦਾ ਖੂਬ ਅਨੰਦ ਮਾਣਿਆ। ਇਸ ਮੌਕੇ ਜੋਸ਼ ਉਤਸਵ ਦੌਰਾਨ ਕਰਾਫਟ ਬਾਜਾਰ ਅਤੇ ਖਾਣ-ਪੀਣ ਦੇ ਵੱਖ-ਵੱਖ ਸਟਾਲ ਲਗਾਏ ਗਏ, ਜਿਥੇ ਲੋਕਾਂ ਖਰੀਦਦਾਰੀ ਕਰਨ ਦੇ ਨਾਲ ਪਕਵਾਨਾਂ ਦੇ ਸਵਾਦ ਚੱਖੇ। ਦੱਸਣਯੋਗ ਹੈ ਕਿ ਜੋਸ਼ ਉਤਸਵ ਵਿੱਚ ਕੱਲ 29 ਅਕਤੂਬਰ ਨੂੰ ਸਮਾਪਤੀ ਸਮਾਰੋਹ ਵਿੱਚ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਅਧਾਰਤ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਉੱਘੇ ਲੋਕ ਗਾਇਕ ਹਰਭਜਨ ਸ਼ੇਰਾ ਵੱਲੋਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਜ), ਰਵਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅਮਨਦੀਪ ਕੌਰ, ਐੱਸ.ਡੀ.ਐੱਮ. ਗੁਰਦਾਸਪੁਰ, ਸ੍ਰੀ ਸਚਿਨ ਪਾਠਕ ਸਹਾਇਕ ਕਮਿਸ਼ਨਰ (ਜ), ਨਵਜੋਤ ਸਿੰਘ, ਐਸ ਪੀ (ਐੱਚ), ਪਿਰਥੀਪਾਲ ਸਿੰਘ ਐਸਪੀ (ਡੀ) ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਏਡੀਸੀ ਅਤੇ ਜਨਰਲ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਮੁੱਖ ਖੇਤੀਬਾੜੀ ਅਫ਼ਸਰ ਕ੍ਰਿਪਾਲ ਸਿੰਘ ਢਿਲੋਂ, ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਧਰਮਪਤਨੀ ਮਨਜੀਤ ਕੌਰ, ਪਰੋਫੈਸਰ ਰਾਜ ਕੁਮਾਰ ਸ਼ਰਮਾ, ਕੁੰਵਰ ਵਿੱਕੀ, ਨਰੇਸ਼ ਕੁਮਾਰ ਬਲਾਕ ਪਰਧਾਨ ਭੋਆ, ਸਰਤਾਜ ਸਿੰਘ ਚਿੱਟੀ, ਬਲਜੀਤ ਸਿੰਘ, ਰਜਿੰਦਰ ਸਿੰਘ ਆਲੀਨੰਗਲ, ਰਾਜ ਕੁਮਾਰ ਆਵਾਖਾਂ ਸਮੇਤ ਅਧਿਕਾਰੀ ਤੇ ਕਰਮਚਾਰੀ ਅਤੇ ਜ਼ਿਲ੍ਹਾ ਵਾਸੀ ਮੋਜੂਦ ਸਨ।