
- ਹਰ ਦੋ ਤੋਂ ਤਿੰਨ ਸਾਲ ਬਾਅਦ ਮਿੱਟੀ ਪਰਖ ਕਰਾ ਲਈ ਜਾਵੇ - ਡਾ ਭੁਪਿੰਦਰ ਸਿੰਘ ਏ ਓ
ਤਰਨ ਤਾਰਨ, 27 ਮਾਰਚ 2025 : ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ - ਨਿਰਦੇਸ਼ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਨੇ ਪਰਾਨਾ ਅਦਾਰੇ ਨਾਲ ਪਿੰਡ ਸੈਦੋਂ ਅਤੇ ਜੋਤੀ ਸ਼ਾਹ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ। ਇਹਨਾਂ ਕੈਂਪਾਂ ਦੌਰਾਨ ਡਾ ਭੁਪਿੰਦਰ ਸਿੰਘ ਏ ਓ, ਸਰਕਲ ਇੰਚਾਰਜ ਰਜਿੰਦਰ ਕੁਮਾਰ ਏ ਈ ਓ, ਗੁਰਪ੍ਰੀਤ ਸਿੰਘ ਬੀ ਟੀ ਐਮ ਅਤੇ ਆਰਜੀ ਆਰ ਸੈਲ ਤੋਂ ਮੈਡਮ ਬਲਜੀਤ ਕੌਰ ਨੇ ਕਿਸਾਨਾਂ ਨੂੰ ਤਕਨੀਕੀ ਅਤੇ ਮਹਿਕਮੇ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਮਾਹਿਰਾਂ ਨੇ ਹਾਜ਼ਰੀਨ ਨੂੰ ਦੱਸਿਆ ਕਿ ਕਣਕ ਦੀ ਵਾਢੀ ਉਪਰੰਤ ਖੇਤ ਖਾਲੀ ਹੋਣ ਤੇ ਮਿੱਟੀ ਪਰਖ ਕਰਾ ਲਈ ਜਾਵੇ ਅਤੇ ਲੋੜ ਅਨੁਸਾਰ ਖਾਦ ਦੀ ਵਰਤੋਂ ਕੀਤੀ ਜਾਵੇ। ਨਾਲ ਦੀ ਨਾਲ ਇਸ ਮੌਕੇ ਕੁਦਰਤ ਦੀ ਅਨਮੋਲ ਦਾਤ ਪਾਣੀ ਦੀ ਸੁਚੱਜੀ ਵਰਤੋਂ ਲਈ ਵੱਖ-ਵੱਖ ਤਕਨੀਕਾਂ ਜਿਵੇਂ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ,ਸੁੱਕਾ ਕੱਦੂ, ਜਮੀਨ ਦੋਜ਼ ਸਿੰਚਾਈ ਪ੍ਰਣਾਲੀ ਆਦਿ ਬਾਰੇ ਗੱਲਬਾਤ ਕਰਦਿਆਂ ਚੰਗੇ ਭਵਿੱਖ ਲਈ ਝੋਨੇ ਹੇਠੋਂ ਕੁਝ ਰਕਬਾ ਘਟਾ ਕੇ ਬਾਸਮਤੀ, ਦਾਲਾਂ, ਗੰਨਾ, ਮੋਟੇ ਅਨਾਜ਼, ਸਾਉਣੀ ਦੀ ਮੱਕੀ ਆਦਿ ਹੇਠ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਤਕਨੀਕੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਕਿਹਾ ਗਿਆ, ਕਿ ਜੇਕਰ ਉਹ ਖੁਦ ਦਾ ਬੀਜ ਤਿਆਰ ਕਰਕੇ ਸਾਂਭ-ਸੰਭਾਲ ਕਰਨ ਤਾਂ ਇਸ ਨਾਲ ਉਹਨਾਂ ਦਾ ਖੇਤੀ ਖਰਚਾ ਘਟੇਗਾ। ਚੰਗੇ ਬੀਜ ਦੀ ਤਿਆਰੀ ਲਈ ਜਰੂਰੀ ਹੈ, ਕਿ ਲੋੜੀਂਦੀ ਕਿਸਮ ਦੇ ਖੇਤ ਦਾ ਸਰਵੇਖਣ ਕਰਕੇ ਉਸ ਵਿੱਚੋਂ ਨਦੀਨ ਅਤੇ ਅਣ ਲੋੜੀਂਦੇ ਬੂਟੇ ਕੱਢ ਦਿੱਤੇ ਜਾਣ। ਫਸਲ ਦੀ ਕਟਾਈ ਉਪਰੰਤ ਬੀਜ਼ ਦੀ ਗਰੇਡਿੰਗ ਕਰਕੇ ਉੱਚ ਗੁਣਵੱਤਾ ਵਾਲੇ ਬੀਜ ਨੂੰ ਦੋ ਤੋਂ ਤਿੰਨ ਵਾਰ ਧੁੱਪ ਲਗਾ ਕੇ ਨਮੀਂ ਘਟਾ ਲਈ ਜਾਵੇ ਅਤੇ ਇਸ ਨੂੰ ਸਾਫ ਡਰੰਮ ਵਿੱਚ ਸਟੋਰ ਕਰ ਲਿਆ ਜਾਵੇ। ਇਸ ਮੌਕੇ ਕਿਸਾਨਾਂ ਨੂੰ ਜਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਕਣਕ ਦੀ ਕਟਾਈ ਉਪਰੰਤ ਨਾੜ ਨੂੰ ਖੇਤ ਵਿੱਚ ਹੀ ਵਾਹੁਣ ਦੇ ਫਾਇਦੇ ਦੱਸੇ ਗਏ। ਇਸ ਦੌਰਾਨ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨਾਂ ਨੂੰ ਜਿਪਸਮ ਦੇ ਫਾਇਦੇ ਦੱਸਦਿਆਂ ਲੋੜਵੰਦ ਕਿਸਾਨਾਂ ਨੂੰ ਮਹਿਕਮੇ ਦੁਆਰਾ ਸਬਸਿਡੀ ਤੇ ਦਿੱਤੀ ਜਾ ਰਹੀ ਜਿੱਪਸਮ ਬਾਰੇ ਦੱਸਿਆ ਗਿਆ। ਇਸ ਮੌਕੇ ਸਰਪੰਚ ਤਲਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਗੋਰਾ, ਸਰਪੰਚ ਨਰਿੰਦਰ ਸਿੰਘ, ਮਾਸਟਰ ਜਰਨੈਲ ਸਿੰਘ, ਮੈਂਬਰ ਪੰਚਾਇਤ ਸਰੂਪ ਸਿੰਘ, ਪਿਆਰਾ ਸਿੰਘ, ਬੇਅੰਤ ਸਿੰਘ ,ਗੁਰਪ੍ਰਤਾਪ ਸਿੰਘ, ਸੁੱਖਾ ਸਿੰਘ, ਪ੍ਰੇਮ ਸਿੰਘ ,ਚਮਕੌਰ ਸਿੰਘ, ਡਾ. ਬਲਜੀਤ ਸਿੰਘ, ਗੁਰਬੀਰ ਸਿੰਘ ,ਨਿਸ਼ਾਨ ਸਿੰਘ, ਹਰਮਨ ਸਿੰਘ, ਗੁਰਵਿੰਦਰ ਸਿੰਘ ,ਖੇਤੀ ਉਪ-ਨਿਰੀਖਕ ਬਲਰਾਜ ਬਾਜਾ ਸਿੰਘ, ਦਿਲਬਾਗ ਸਿੰਘ ਫੀਲਡ ਵਰਕਰ ਗੁਰਲਾਲ ਸਿੰਘ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।