- ਉੱਦਮੀ ਕਿਸਾਨਾਂ ਨੂੰ ਮੌਕੇ ਤੇ ਸਨਮਾਨਿਤ ਕੀਤਾ ਗਿਆ
ਤਰਨ ਤਾਰਨ 30 ਅਕਤੂਬਰ 2024 : ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਨੂੰ ਉਤਸਾਹਿਤ ਕਰਨ ਹਿੱਤ ਬਲਾਕ ਖੇਤੀਬਾੜੀ ਅਫਸਰ , ਪੱਟੀ ਡਾ ਭੁਪਿੰਦਰ ਸਿੰਘ ਅਤੇ ਮਨਮੋਹਨ ਸਿੰਘ ਏਈਓ ਨੇ ਪਿੰਡ ਬਰਵਾਲਾ ਵਿਖੇ ਨਿਰੀਖਣ ਕੀਤਾ। ਇਸ ਮੌਕੇ ਸੂਝਵਾਨ ਕਿਸਾਨ ਹਰਪ੍ਰੀਤ ਸਿੰਘ, ਸਰਬਜੀਤ ਸਿੰਘ , ਗੁਰਪ੍ਰੀਤ ਸਿੰਘ ,ਬਲਜੀਤ ਸਿੰਘ, ਪਰਵਿੰਦਰ ਸਿੰਘ ਅਤੇ ਸਾਥੀ ਕਿਸਾਨਾਂ ਦੁਆਰਾ ਲਗਭਗ 100 ਏਕੜ ਤੋਂ ਵੱਧ ਰਕਬੇ ਵਿੱਚ ਗੱਠਾਂ ਬਣਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ। ਪਰਾਲੀ ਪ੍ਰਬੰਧਨ ਕਰ ਰਹੇ ਹਰਪ੍ਰੀਤ ਸਿੰਘ ਅਤੇ ਸਾਥੀ ਕਿਸਾਨਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਜਦੋਂ ਕਾਹਲੀ ਵਿੱਚ ਪਰਾਲੀ ਨੂੰ ਅੱਗ ਲਗਾ ਦਿੰਦੇ ਸਾਂ ਤਾਂ ਸੜਕ ਤੇ ਖੇਤ ਹੋਣ ਕਾਰਨ ਬਹੁਤ ਧੂੰਆਂ ਹੋ ਜਾਂਦਾ ਸੀ ਅਤੇ ਸੜਕੀ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਸੀ। ਇਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਦੇ ਸੁਚੇਤ ਅਤੇ ਜਾਗਰੂਕ ਕਰਨ ਤੇ ਪਿਛਲੇ ਸਾਲ ਪਰਾਲੀ ਦੀਆਂ ਗੱਠਾਂ ਬਣਾਉਣ ਉਪਰੰਤ ਜੀਰੋ ਡਰਿੱਲ ਨਾਲ ਬਹੁਤ ਹੀ ਘੱਟ ਖਰਚੇ ਤੇ ਕਣਕ ਦੀ ਬਿਜਾਈ ਕਰ ਲਈ। ਮਿਲੇ ਚੰਗੇ ਤਜਰਬੇ ਨਾਲ ਇਸ ਸਾਲ ਵੀ ਗੱਠਾਂ ਬਣਾ ਕੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕਰਨ ਦਾ ਮਨ ਬਣਾਇਆ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਤਰਾਂ ਜਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਅਤੇ ਵਾਤਾਵਰਣ ਗੰਧਲਾ ਹੋਣ ਤੋਂ ਬਚ ਜਾਂਦਾ ਹੈ। ਇਹ ਮੌਕੇ ਕਿਸਾਨਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਅਧਿਕਾਰੀਆਂ ਨੇ ਮੌਕੇ ਤੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਅਤੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਦੀਆਂ ਢੁੱਕਵੀਂਆਂ ਤਕਨੀਕਾਂ ਨੂੰ ਅਪਨਾਉਣ ਤਾਂ ਜੋ ਰਸਾਇਣਕ ਖਾਦਾਂ ਤੋਂ ਖਰਚਾ ਘਟ ਸਕੇ। ਇਸ ਮੌਕੇ ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ,ਫੀਲਡ ਵਰਕਰ ਗੁਰਲਾਲ ਸਿੰਘ, ਬਿਕਰਮਜੀਤ ਸਿੰਘ ਅਤੇ ਨੇੜਲੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।