7 ਮਾਰਚ ਨੂੰ ਕਲਾਨੋਰ ਵਿਖੇ ਰੋਜ਼ਗਾਰ ਮੇਲਾ ਲੱਗੇਗਾ

ਬਟਾਲਾ, 5 ਮਾਰਚ 2025 : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ, ਗੁਰਦਾਸਪੁਰ ਵਲੋਂ ਲੜਕੇ ਅਤੇ ਲੜਕੀਆਂ ਲਈ ਵਿਸ਼ੇਸ ਰੋਜ਼ਗਾਰ ਮੇਲਾ, ਪਰਜਾਪਤ ਭਵਨ, ਨੇੜੇ ਬੱਸ ਸਟੈਂਡ ਕਲਾਨੌਰ ਵਿਖੇ 7 ਮਾਰਚ, ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 10 ਦੇ ਕਰੀਬ ਪ੍ਰਾਈਵੇਟ ਕੰਪਨੀਆਂ ਹਿੱਸਾ ਲੈ ਰਹੀਆ ਹਨ, ਜਿਨਾਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੀ ਮੌਕੇ ’ਤੇ ਚੋਣ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆਂ ਕਿ ਇਨ੍ਹਾਂ ਵੱਖ-ਵੱਖ ਅਸਾਮੀਆਂ ਲਈ ਯੋਗਤਾ 8ਵੀਂ, 10ਵੀਂ, 12ਵੀਂ, ਪਾਸ, ਆਈ.ਟੀ.ਆਈ. ਡਿਪਲੋਮਾ ਅਤੇ ਗਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 18-37 ਸਾਲ ਹੈ। ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਯੋਗਤਾ ਅਨੁਸਾਰ ਕੰਪਨੀਆਂ ਦੇ ਨਿਯਮਾਂ ਮੁਤਾਬਿਕ ਸੈਲਰੀ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ(ਜ) ਗੁਰਦਾਸਪੁਰ  ਨੇ ਅੱਗੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਸਪੈਸ਼ਲ ਕਾਊਂਟਰ ਵੀ ਲਗਾਇਆ ਜਾਵੇਗਾ। ਇਸ ਸਕੀਮ ਲਈ ਯੋਗਤਾ ਦਸਵੀਂ, ਬਾਰ੍ਹਵੀ, ਆਈ.ਟੀ.ਆਈ, ਡਿਪਲੋਮਾ ਅਤੇ ਗਰੈਜੂਏਸ਼ਨ ਪਾਸ ਹੈ ਅਤੇ ਉਮਰ 21 ਤੋਂ 24 ਸਾਲ ਹੋਣੀ ਚਾਹੀਦੀ ਹੈ। ਉਨਾਂ ਲੜਕੇ-ਲੜਕੀਆਂ ਨੂੰ ਰੋਜ਼ਗਾਰ ਮੇਲੇ ਵਿੱਚ ਪਹੁੰਚ ਕੇ ਲਾਭ ਲੈਣ ਦੀ ਅਪੀਲ ਕੀਤੀ ਹੈ।