- ਦੋਹਾਂ ਜਥੇਦਾਰਾਂ ਨੇ ਬੁੱਢਾ ਦਲ ਦੇ ਮੁਖੀ ਨੂੰ ਕੀਤਾ ਸਨਮਾਨਤ
ਅੰਮ੍ਰਿਤਸਰ:- 7 ਜੂਨ : ਸਿੱਖ ਕੌਮ ਦੇ ਸਰਵਉਚ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸਿੰਘ ਸਾਹਿਬ ਗਿ: ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਬੀਤੇ ਕੱਲ ਨਿਹੰਗ ਸਿੰਘਾਂ ਦੀ ਮੁਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਿਸ਼ੇਸ਼ ਤੌਰ ਤੇ ਬੈਠਕ ਕੀਤੀ। ਉਨ੍ਹਾਂ ਨੇ ਸਿੰਘ ਸਾਹਿਬ ਨਾਲ ਧਾਰਮਿਕ-ਰਾਜਸੀ, ਸਮਾਜਕ ਪੱਧਰ ਤੇ ਮੌਜੂਦਾ ਹਲਾਤਾਂ ਦੇ ਨਵੇਂ ਬਣੇ ਸਮੀਕਰਨਾਂ ਸਬੰਧੀ ਵਿਚਾਰ ਵਿਟਾਦਰਾਂ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਦੇਸ ਅੰਦਰ ਰਾਜਸੀ ਰੱਦੋ ਬਦਲ ਹੋ ਰਿਹਾ ਹੈ। ਦੇਸ ਦੀ ਨਵੀਂ ਬਣ ਰਹੀ ਸਰਕਾਰ ਦੀਆਂ ਨਵੀਆਂ ਜੁੰਮੇਵਾਰੀਆਂ ਅਤੇ ਉਸ ਦੇ ਸਨਮੁੱਖ ਨਵੀਆਂ ਚਨੌਤੀਆਂ ਹਨ, ਜਨਤਾ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੀ ਹੈ। ਰਾਜਸੀ ਆਗੂਆਂ ਨੂੰ ਧਰਮ ਦੀ ਕਮਾਨ ਹੇਠ ਰਹਿ ਕੇ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਹੈ। ਦੇਸ਼ ਵਿੱਚ ਰਾਜਸੀ ਆਗੂ ਜਿਸ ਤਰ੍ਹਾਂ ਦਾ ਜ਼ਬਰੀ ਮਾਹੌਲ ਸਿਰਜਦੇ ਹਨ, ਉਸ ਨਾਲ ਜਨਤਾ ਘੁੱਟਣ ਤੇ ਬੇਬਸੀ ਮਹਿਸੂਸ ਕਰਦੀ ਹੈ। ਭਾਰਤ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮਾਡਲ ਅਪਨਾਉਣ ਦੀ ਲੋੜ ਹੈ। ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਵਰਗ ਦੀਆਂ ਮੰਗਾਂ ਤੇ ਸਿੱਖਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਸਰਕਾਰ ਦੇ ਪਹਿਲੇ ਕਾਰਜ ਹੋਣੇ ਚਾਹੀਦੇ ਹਨ। ਪੰਜਾਬ ਪ੍ਰਤੀ ਵਿਤਕਰਾ ਨਹੀਂ ਸਗੋਂ ਉਨਤ ਭਰਿਆ ਵਤੀਰਾ ਅਪਨਾਉਣ ਦੀ ਲੋੜ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਨੂੰ ਸਿਰਪਾਓ ਤੇ ਸ੍ਰੀ ਸਾਹਿਬ ਨਾਲ ਸਨਮਾਨਤ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿ: ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਗੁਰਪ੍ਰੀਤ ਸਿੰਘ ਰੋਡੇ ਮੈਨੇਜ਼ਰ, ਸ. ਹਰਦੇਵ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ ਸਮਾਣਾ, ਸ. ਭਗਵਾਨ ਸਿੰਘ ਪੀ.ਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਹਾਜ਼ਰ ਸਨ।