ਬਟਾਲਾ, 6 ਜੂਨ : ਡਾ. ਸ਼ਾਇਰੀ ਭੰਡਾਰੀ, ਐਸਡੀਐਮ ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਤੋ ਪ੍ਰਹੇਜ ਕਰਦੇ ਹੋਏ, ਵਾਤਾਵਰਣ ਦੇ ਬਚਾਉ ਵਿਚ ਰੁੱਖ ਲਗਾ ਕੇ ਆਪਣਾ ਕੀਮਤੀ ਯੋਗਦਾਨ ਪਾਉਣ। ਉਨਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣਾਂ ਹਰੇਕ ਇਨਸਾਨ ਦਾ ਫਰਜ ਬਣਦਾ ਹੈ, ਇਸ ਲਈ ਹਰੇਕ ਇਨਸਾਨ ਦਾ ਫਰਜ ਹੈ ਕਿ ਉਹ ਵਧ ਤੋਂ ਵਧ ਬੂਟੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਵਿਚ ਆਪਣਾ ਯੋਗਦਾਨ ਪਾਵੇ। ਉਨਾਂ ਨੇ ਦੱਸਿਆ ਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਸਟਰਾਸ, ਕੱਪ-ਪਲੇਟਾਂ ਅਤੇ ਬੈਗ ਲਗਭਗ ਕਈ ਸਾਲਾਂ ਤੱਕ ਵੀ ਨਸ਼ਟ ਨਹੀਂ ਹੁੰਦੇ ਅਤੇ ਇਹਨਾਂ ਦੀ ਵਜ੍ਹਾ ਨਾਲ ਧਰਤੀ ਹੇਠਾਂ ਬਹੁਤ ਹੀ ਹਾਨੀਕਾਰਕ ਰਸਾਇਣ ਉਤਪੰਨ ਹੋ ਜਾਂਦੇ ਹਨ। ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀਂ ਅਤੇ ਸਮੁੰਦਰਾਂ ਦਾ ਪਾਣੀ ਵੀ ਪਲਾਸਟਿਕ ਰਸਾਇਣ ਤੱਤਾਂ ਦੇ ਕਾਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ। ਐਸਡੀਐਮ ਨੇ ਅੱਗੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤਾਂ ਬਹੁਤ ਸਾਰੀਆਂ ਬੀਮਾਰੀਆ ਤੋਂ ਬੱਚ ਸਕਦੇ ਹਾਂ। ਇਸ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੁੂਟੇ ਲਗਾਉਣੇ ਚਾਹੀਦੇ ਹਨ ਅਤੇ ਕੁਦਰਤੀ ਸੋਮਿਆਂ ਦੀ ਸੁੱਰਖਿਆ ਵਿਚ ਮਦਦਗਾਰ ਬਣਨਾ ਚਾਹੀਦਾ ਹੈ।