ਅਜਨਾਲਾ, 20 ਅਪ੍ਰੈਲ : ਬੀਤੀ ਰਾਤ ਅਜਨਾਲਾ ਸਮੇਤ ਰਾਜ ਦੇ ਕਈ ਹਿੱਸਿਆਂ ਵਿਚ ਅਚਨਚੇਤ ਹੋਈ ਭਾਰੀ ਗੜ੍ਹੇਮਾਰੀ ਕਾਰਨ ਜਿੰਨਾ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਸਰਕਾਰ ਮੁੜ ਗਿਰਦੁਆਰੀ ਕਰਵਾਕੇ ਉਨਾਂ ਦੇ ਨੁਕਸਾਨ ਦੀ ਭਰਪਾਈ ਕਰੇਗੀ। ਉਕਤ ਸਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਅਜਿਹੇ ਪਿੰਡ ਜਿੰਨਾ ਵਿਚ ਬੀਤੇ ਦਿਨ ਭਾਰੀ ਗੜ੍ਹੇਮਾਰੀ ਹੋਈ ਸੀ, ਦਾ ਜਾਇਜਾ ਲੈਣ ਮੌਕੇ ਕੀਤਾ। ਉਨਾਂ ਕਿਹਾ ਕਿ ਰਾਜ ਭਰ ਵਿਚ ਜਿੰਨਾ ਵੀ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਉਨਾਂ ਦੇ ਨੁਕਸਾਨ ਦੀ ਭਰਪਾਈ ਰਾਜ ਸਰਕਾਰ ਕਰੇਗੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਇਸ ਬਾਰੇ ਵਿਸੇਸ਼ ਆਦੇਸ਼ ਦਿੱਤੇ ਹਨ। ਅੱਜ ਸ ਧਾਲੀਵਾਲ ਨੇ ਤੇੜਾ ਕਲਾਂ, ਭੋਏਵਾਲੀ, ਤੇਰੀ, ਚਮਿਆਰੀ, ਕਮਾਲਪੁਰਾ, ਮੁਕਾਮ ਅਤੇ ਖਾਨੋਵਾਲ ਦਾ ਦੌਰਾ ਕੀਤਾ ਅਤੇ ਨੁਕਸਾਨੀਆਂ ਗਈਆਂ ਫਸਲਾਂ, ਜਿਨ੍ਹਾਂ ਵਿੱਚ ਕਣਕ, ਚਾਰਾ, ਮੱਕੀ, ਸਬਜੀਆਂ, ਖਰਬੂਜੇ ਆਦਿ ਸ਼ਾਮਿਲ ਸਨ, ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੁਹਾਡੀ ਸਰਕਾਰ ਹੈ ਅਤੇ ਆਪਣੀ ਜਨਤਾ ਦੇ ਦੁੱਖ ਸੁੱਖ ਵਿੱਚ ਖੜੇ ਹਾਂ।ਅੱਜ ਪੀੜਤ ਪਰਿਵਾਰਾਂ ਨੂੰ ਹੌਂਸਲਾ ਦੇਣ ਪੁੱਜੇ ਕੈਬਨਿਟ ਮੰਤਰੀ ਨੇ ਮੌਕੇ ਹਾਜ਼ਰ ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਨੂੰ ਹਦਾਇਤ ਕੀਤੀ ਕਿ ਉਕਤ ਪਿੰਡਾਂ ਦੀ ਗਿਰਦੁਆਰੀ ਦੋ ਦਿਨਾਂ ਵਿਚ ਪੂਰੀ ਕੀਤੀ ਜਾਵੇ ਤਾਂ ਜੋ ਇੰਨਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਫਸਲ ਦੀ ਅਦਾਇਗੀ ਦੇ ਨਾਲ ਹੀ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਹਰੇਕ ਪੀੜਤ ਕਿਸਾਨ ਦਾ ਬਣਦਾ ਮੁਆਵਜ਼ਾ ਦੇਵੇਗੀ, ਪਰ ਕੁਦਰਤੀ ਕਰੋਪੀ ਦੀ ਭਰਪਾਈ ਕਰਨੀ ਸਾਡੇ ਸਾਰਿਆਂ ਲਈ ਔਖੀ ਹੈ।ਇਸ ਮੌਕੇ ਉਨਾਂ ਨਾਲ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਮੁੱਖ ਖੇਤੀਬਾੜੀ ਅਧਿਕਾਰੀ ਸ. ਜਤਿੰਦਰ ਸਿੰਘ ਗਿੱਲ, ਤਹਿਸੀਲਦਾਰ ਸ੍ਰੀਮਤੀ ਰੋਬਿਨਜੀਤ ਕੌਰ, ਡੀ ਐਸ ਪੀ ਸ੍ਰੀ ਸੰਜੀਵ ਕੁਮਾਰ, ਖੇਤੀਬਾੜੀ ਵਿਸਥਾਰ ਅਫਸਰ ਸ੍ਰੀ ਪ੍ਰਭਦੀਪ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।