- ਹਲਫੀਆਂ ਬਿਆਨ ਜਾਰੀ ਕਰਨ ਵਾਲੇ ਕਾਊਂਟਰਾਂ ਦੀ ਵਧਾਈ ਜਾਵੇਗੀ ਗਿਣਤੀ
- ਸੇਵਾ ਕੇਂਦਰ ’ਚ ਆਪਣਾ ਕੰਮ ਕਰਵਾਉਣ ਆਈ ਲੜਕੀ ਦੀ ਕੀਤੀ ਮਾਲੀ ਸਹਾਇਤਾ
ਅੰਮ੍ਰਿਤਸਰ, 9 ਜੂਨ : ਅੱਜ ਹਰਭਜਨ ਸਿੰਘ ਈ:ਟੀ:ਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵੱਲੋਂ ਅਚਾਨਕ ਤਹਿਸੀਲ ਅੰਮ੍ਰਿਤਸਰ-1, 2 ਅਤੇ ਅੰਮ੍ਰਿਤਸਰ-3 ਦੀ ਅਚਨਚੇਤ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਆਪਣੀ ਡਿਊਟੀ ਦੇ ਹਾਜਰ ਹੋਣ ਅਤੇ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦੇਣ। ਸ੍ਰ ਈ:ਟੀ:ਓ ਨੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਲੋਕਾਂ ਨੇ ਧਿਆਨ ਵਿੱਚ ਲਿਆਂਦਾ ਕਿ ਹਲਫੀਆ ਬਿਆਨ ਜਾਰੀ ਕਰਨ ਵਾਲੇ ਕਾਉਂਟਰ ਦੀ ਗਿਣਤੀ ਇਕ ਹੀ ਹੈ ਜਿਸ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰ ਈ:ਟੀ:ਓ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਹਲਫੀਆ ਬਿਆਨ ਜਾਰੀ ਕਰਨ ਵਾਲੇ ਕਾਉਂਟਰਾਂ ਦੀ ਗਿਣਤੀ ਤੁਰੰਤ ਵਧਾਈ ਜਾਵੇ। ਸ੍ਰ ਈ:ਟੀ:ਓ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਹਿਸੀਲਾਂ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋਕ ਤੜਕਸਾਰ ਹੀ ਆਪਣਾ ਸਮਾਂ ਕੱਢ ਕੇ ਕੰਮ ਕਰਵਾਉਣ ਆਉਂਦੇ ਹਨ ਅਤੇ ਉਨ੍ਹਾਂ ਦਾ ਕੰਮ ਸਮੇਂ ਸਿਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਹੋਰ ਕੰਮ ਵੀ ਕਰ ਸਕਣ। ਬਾਕਸ ਵਿੱਚ ਚੈਕਿੰਗ ਦੌਰਾਨ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਵੱਲੋਂ ਸੇਵਾ ਕੇਂਦਰ ਦੀ ਚੈਕਿੰਗ ਦੌਰਾਨ ਗੁਰਬਖਸ਼ ਕੌਰ ਨਾਮ ਦੀ ਲੜਕੀ ਜੋ ਕਿ +2 ਵਿੱਚ ਮਾਲ ਰੋਡ ਸਕੂਲ ਵਿਖੇ ਪੜ੍ਹਦੀ ਹੈ ਨਾਲ ਮੁਲਾਕਾਤ ਹੋਈ ਅਤੇ ਉਸ ਲੜਕੀ ਨੇ ਦੱਸਿਆ ਕਿ ਉਹ ਸੇਵਾ ਕੇਂਦਰ ਵਿਖੇ ਆਪਣੀ ਮਾਤਾ ਦੀ ਪੈਨਸ਼ਨ ਅਤੇ ਰੋਜਗਾਰ ਸਬੰਧੀ ਆਈ ਹੋਈ ਹੈ। ਉਸ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਸਵਰਗਵਾਸ ਹੋ ਗਏ ਹਨ। ਉਸ ਲੜਕੀ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਦੇ +1 ਸਕਾਲਰਸ਼ਿਪ ਦੀ ਰਾਸ਼ੀ ਵੀ ਅਜੇ ਤੱਕ ਪ੍ਰਾਪਤ ਨਹੀਂ ਹੋਈ। ਕੈਬਨਿਟ ਮੰਤਰੀ ਸ੍ਰ ਈ:ਟੀ:ਓ ਨੇ ਉਸੇ ਹੀ ਸਮੇਂ ਡਿਪਟੀ ਕਮਿਸ਼ਨਰ ਦਫਤਰ ਵਿੱਚ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਸੱਦਿਆ ਅਤੇ ਕਿਹਾ ਕਿ ਇਸ ਦੀ ਮਾਤਾ ਦੀ ਪੈਨਸ਼ਨ ਤੁਰੰਤ ਲਗਾਈ ਜਾਵੇ ਅਤੇ ਇਸ ਸਕਾਲਰਸ਼ਿਪ ਅਜੇ ਕਿਉਂ ਨਹੀਂ ਆਈ ਸਬੰਧੀ ਪਤਾ ਕਰਕੇ ਸਕਾਲਰਸ਼ਿਪ ਜਾਰੀ ਕਰਵਾਈ ਜਾਵੇ। ਕੈਬਨਿਟ ਮੰਤਰੀ ਸ੍ਰ ਈ:ਟੀ:ਓ ਨੇ ਮੌਕੇ ਤੇ ਹੀ ਉਸ ਲੜਕੀ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 10000 ਰੁਪਏ ਦੀ ਰਾਸ਼ੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲੜਕੀ ਨੇ ਦੱਸਿਆ ਹੈ ਕਿ ਉਹ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਇਸ ਲੜਕੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋ ਇਹ ਆਪਣੇ ਸੁਪਨੇ ਸਾਕਾਰ ਕਰ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰ ਜਸਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਰੁਜਗਾਰ ਸ੍ਰ ਵਿਕਰਮਜੀਤ ਸਿੰਘ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਸੁਸ਼ੀਲ ਤੁਲੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।