- ਅੱਡੇ ’ਤੇ ਬੱਸ ਨਾ ਰੋਕਣ ਤੇ ਕੰਡਕਟਰ ਅਤੇ ਡਰਾਇਵਰ ਨੂੰ ਦਿੱਤੀ ਚੇਤਾਵਨੀ
ਅੰਮ੍ਰਿਤਸਰ 26 ਜੂਨ : ਅੱਜ ਸ: ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ ਪੰਜਾਬ ਨੇ ਵਰ੍ਹਦੇ ਮੀਂਹ ਵਿੱਚ ਜੰਡਿਆਲਾ ਗੁਰੂ ਬੱਸ ਅੱਡੇ ’ਤੇ ਚੈਕਿੰਗ ਕੀਤੀ ਅਤੇ ਖੁਦ ਜੰਡਿਆਲਾ ਗੁਰੂ ਬੱਸ ਅੱਡੇ ਤੇ ਬੱਸ ਨੂੰ ਰੁਕਵਾਇਆ। ਸ: ਈ ਟੀ ਓ ਨੇ ਡਰਾਇਵਰ ਅਤੇ ਕੰਡਕਟਰ ਨੂੰ ਅੱਡੇ ਤੇ ਬੱਸ ਨਾ ਰੋਕਣ ’ਤੇ ਝਾੜ ਪਾਈ ਅਤੇ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਜੰਡਿਆਲਾ ਗੁਰੂ ਬੱਸ ਅੱਡੇ ’ਤੇ ਬੱਸਾਂ ਨੂੰ ਨਾ ਰੋਕਿਆ ਤਾਂ ਉਨਾਂ ਡਰਾਇਵਰਾਂ ਅਤੇ ਕੰਡਕਟਰਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਸ: ਈਟੀਓ ਵਲੋਂ ਬਿਜਲੀ ਦਫ਼ਤਰ ਜੰਡਿਆਲਾ ਗੁਰੂ ਵਿਖੇ ਪੁਜੇ ਅਤੇ ਦਫ਼ਤਰ ਦੀ ਚੈਕਿੰਗ ਕੀਤੀ। ਉਨਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਦਫ਼ਤਰ ਆਉਣ। ਉਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦਫ਼ਤਰ ਵਿਖੇ ਦੇਰ ਨਾਲ ਆਉਣ ਵਾਲੇ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸ: ਈਟੀਓ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਕੇ ਉਨਾਂ ਦਾ ਹੱਲ ਕੀਤਾ ਜਾਵੇ। ਸ: ਈ ਟੀ ਓ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਪ੍ਰਸੰਸਾਂ ਦੇ ਹੱਕਦਾਰ ਹਨ। ਜਿਨਾਂ ਨੇ ਨਿਰੰਤਰ ਬਿਜਲੀ ਸਪਲਾਈ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਉਪਭੋਗਤਾਵਾਂ ਦੀ ਉੱਚ ਮੰਗ 15325 ਮੇਗਾਵਾਟ ਨੂੰ ਪੂਰਾ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਉਨਾਂ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਵੀ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਅਨੁਸਾਰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਤਾਂ ਜੋ ਝੋਨੇ ਦੀ ਫਸਲ ਦੀ ਬਿਜਾਈ ਕਰ ਸਕਣ।