ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਮਾਤਾ ਨੂੰ ਮਿਲੇ "ਖਾਲਸਾ ਏਡ"  ਦੇ  ਮੁਖੀ ਰਵੀ ਸਿੰਘ, ਇੰਸਟਾਗ੍ਰਾਮ ਹੈਂਡਲ 'ਤੇ ਤਸਵੀਰਾਂ ਪੋਸਟ ਕੀਤੀਆਂ

ਇੰਗਲੈਂਡ : ਬੇਟੇ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਤਨੀ ਚਰਨ ਕੌਰ ਦੇ ਨਾਲ "ਖਾਲਸਾ ਏਡ" ਦੇ ਮੁਖੀ ਰਵੀ ਸਿੰਘ ਨਾਲ ਮੁਲਾਕਾਤ ਕੀਤੀ। "ਖਾਲਸਾ ਏਡ" ਦੁਨੀਆ ਭਰ ਵਿੱਚ ਕੁਦਰਤੀ ਤੇ ਮਨੁੱਖੀ ਆਫ਼ਤਾਂ ਦੇ ਪੀੜਤਾਂ ਦੀ ਮਦਦ ਲਈ ਜਾਣੀ ਜਾਂਦੀ ਹੈ। ਬਲਕੌਰ ਸਿੰਘ ਤੇ ਉਨ੍ਹਾਂ ਦੀ ਪਤਨੀ ਦੀਆਂ ਤਸਵੀਰਾਂ ਰੋਜ਼ਾਨਾ ਵਾਇਰਲ ਹੋ ਰਹੀਆਂ ਹਨ। ਇਸੇ ਕੜੀ 'ਚ ਵੀਰਵਾਰ ਨੂੰ ਦੋਵਾਂ ਨੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਤੇ ਉਨ੍ਹਾਂ ਦੀ ਟੀਮ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ। ਰਵੀ ਸਿੰਘ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਕਿ, 'ਉਹ ਅਜਿਹੇ ਹਿੰਮਤੀ ਲੋਕਾਂ ਨੂੰ ਮਿਲਣ ਲਈ ਸ਼ੁਕਰਗੁਜ਼ਾਰ ਹਨ ਜੋ ਹਾਰ ਮੰਨਣ ਦਾ ਮਤਲਬ ਨਹੀਂ ਜਾਣਦੇ।' ਉਨ੍ਹਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ। ਰਵੀ ਸਿੰਘ ਨੇ ਲਿਖਿਆ, "ਕੱਲ੍ਹ ਅਸੀਂ, ਹੋਰ ਸੰਗਤਾਂ ਦੇ ਨਾਲ, ਸ਼ੁਭਦੀਪ ਸਿੰਘ ਦੇ ਹਿੰਮਤੀ ਤੇ ਪ੍ਰੇਰਨਾਦਾਇਕ ਮਾਪਿਆਂ ਨੂੰ ਮਿਲ ਕੇ ਪ੍ਰੇਰਿਤ ਹੋਏ। ਉਨ੍ਹਾਂ ਦੀ ਤਾਕਤ ਤੇ ਨਿਮਰਤਾ ਸ਼ਬਦਾਂ ਤੋਂ ਪਰੇ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਸਾਰੇ ਸਿਆਸਤਦਾਨ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਕਜੁੱਟ ਹੋਵਾਂਗੇ।"