ਸਰੀ 'ਚ ਹਿੰਦੂ ਮੰਦਰ ਦੇ ਪ੍ਰਧਾਨ 'ਤੇ ਖਾਲਿਸਤਾਨੀ ਸਮਰਥਕਾਂ ਨੇ ਕੀਤਾ ਜਾਨਲੇਵਾ ਹਮਲਾ 

ਔਟਵਾ, 29 ਦਸੰਬਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ 'ਚ ਇਕ ਮਸ਼ਹੂਰ ਹਿੰਦੂ ਮੰਦਰ ਦੇ ਪ੍ਰਧਾਨ 'ਤੇ ਖਾਲਿਸਤਾਨੀ ਸਮਰਥਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ਦੇ ਘਰ 'ਤੇ ਇਕ ਤੋਂ ਬਾਅਦ ਇਕ 14 ਰਾਉਂਡ ਫਾਇਰ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸਰੀ 'ਚ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਘਰ 'ਤੇ ਵੀਰਵਾਰ ਰਾਤ ਨੂੰ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕੀਤਾ। ਹਾਲਾਂਕਿ ਗੋਲੀਬਾਰੀ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਗੋਲੀ ਲੱਗਣ ਕਾਰਨ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਘਰ 'ਤੇ ਹਮਲਾ ਕੀਤਾ ਗਿਆ ਅਤੇ ਘੱਟੋ-ਘੱਟ 14 ਰਾਉਂਡ ਫਾਇਰ ਕੀਤੇ ਗਏ। ਪੁਲਿਸ ਕਈ ਘੰਟਿਆਂ ਤੱਕ ਘਟਨਾ ਵਾਲੀ ਥਾਂ 'ਤੇ ਰਹੀ, ਸਬੂਤਾਂ ਦੀ ਜਾਂਚ ਕੀਤੀ, ਗਵਾਹਾਂ ਨਾਲ ਗੱਲ ਕੀਤੀ ਅਤੇ ਸੰਭਾਵਿਤ ਸੀਸੀਟੀਵੀ ਫੁਟੇਜ ਲਈ ਆਸਪਾਸ ਦੀ ਤਲਾਸ਼ੀ ਲਈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਹਮਲੇ 'ਚ ਘਰ ਨੂੰ ਨੁਕਸਾਨ ਪੁੱਜਣ ਦੀ ਖ਼ਬਰ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸਤੀਸ਼ ਕੁਮਾਰ ਲਕਸ਼ਮੀ ਨਰਾਇਣ ਮੰਦਰ, ਸਰੀ ਦਾ ਪ੍ਰਧਾਨ ਹੈ। ਇਸ ਹਮਲੇ ਨੂੰ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ ਮੰਦਰ 'ਚ ਕੀਤੇ ਗਏ ਪ੍ਰਦਰਸ਼ਨ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ ਮਹੀਨੇ ਖਾਲਿਸਤਾਨੀ ਕੱਟੜਪੰਥੀਆਂ ਦੇ ਖਿਲਾਫ ਜਦੋਂ ਉਹ ਮੰਦਰ ਕੰਪਲੈਕਸ 'ਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ ਤਾਂ ਮੰਦਿਰ ਵਿੱਚ ਇੱਕ ਜਵਾਬੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਇਹ ਤੀਜੀ ਵਾਰ ਹੈ ਜਦੋਂ ਲਕਸ਼ਮੀ ਨਰਾਇਣ ਮੰਦਰ ਜਾਂ ਇਸ ਦੇ ਮੈਂਬਰ ਖਾਲਿਸਤਾਨ ਸਮਰਥਕਾਂ ਦੇ ਹਮਲੇ ਦਾ ਸ਼ਿਕਾਰ ਹੋਏ ਹਨ। ਵਰਨਣਯੋਗ ਹੈ ਕਿ ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪ੍ਰਸਿੱਧ ਹਿੰਦੂ ਮੰਦਰ ਦੀ ਭਾਰਤ ਵਿਰੋਧੀ ਗਰੈਫਿਟੀ ਨਾਲ ਭੰਨਤੋੜ ਕੀਤੀ ਗਈ ਸੀ, ਜਿਸ ਕਾਰਨ ਭਾਰਤੀ ਭਾਈਚਾਰੇ ਵਿੱਚ ਭਾਰੀ ਰੋਸ ਹੈ। ਰਿਪੋਰਟਾਂ ਮੁਤਾਬਕ ਅੱਧੀ ਰਾਤ ਨੂੰ ਮੰਦਰ ਦੇ ਮੁੱਖ ਦਰਵਾਜ਼ੇ 'ਤੇ ਖਾਲਿਸਤਾਨ ਰਾਏਸ਼ੁਮਾਰੀ ਦੇ ਪੋਸਟਰ ਵੀ ਚਿਪਕਾਏ ਗਏ ਸਨ। ਉਸ ਸਮੇਂ, ਬਰੈਂਪਟਨ ਦੇ ਮੇਅਰ ਨੇ ਮੰਦਿਰ ਦੀਆਂ ਕੰਧਾਂ ਨੂੰ ਵਿਗਾੜ ਕੇ ਭਾਰਤ ਪ੍ਰਤੀ ਨਫ਼ਰਤ ਦੇ ਸੰਦੇਸ਼ ਫੈਲਾਉਣ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਸੀ।