
ਕੋਲੋਬੋ, 9 ਮਈ 2025 : ਸ਼੍ਰੀਲੰਕਾ ਦੀ ਹਵਾਈ ਸੈਨਾ ਦਾ ਇੱਕ ਹੈਲੀਕਾਪਟਰ ਸ਼ੁੱਕਰਵਾਰ ਸਵੇਰੇ ਉੱਤਰੀ ਮੱਧ ਸ਼੍ਰੀਲੰਕਾ ਵਿੱਚ ਮਦੁਰੂ ਓਯਾ ਜਲ ਭੰਡਾਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 6 ਫੌਜੀ ਜਵਾਨਾਂ ਦੀ ਮੌਤ ਹੋ ਗਈ। ਹਵਾਈ ਸੈਨਾ ਦੇ ਬੁਲਾਰੇ ਗਰੁੱਪ ਕੈਪਟਨ ਇਰਾਂਡਾ ਗਿਗਨਾਜ਼ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਕੁੱਲ 12 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪਾਇਲਟ ਵੀ ਸ਼ਾਮਲ ਸਨ। ਬੁਲਾਰੇ ਅਨੁਸਾਰ ਹਾਦਸੇ ਵਿੱਚ ਜ਼ਖਮੀ ਹੋਏ ਛੇ ਹੋਰ ਸੈਨਿਕਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਹਵਾਈ ਸੈਨਾ ਦੀ ਪਾਸਿੰਗ-ਆਊਟ ਪਰੇਡ ਦੇ ਮੌਕੇ 'ਤੇ ਆਯੋਜਿਤ ਇੱਕ ਹਵਾਈ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਵਿੱਚ ਕਿਹਾ ਗਿਆ ਸੀ ਕਿ ਸਾਰੇ ਯਾਤਰੀ ਸੁਰੱਖਿਅਤ ਹਨ, ਪਰ ਬਾਅਦ ਵਿੱਚ ਇਹ ਪੁਸ਼ਟੀ ਹੋਈ ਕਿ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਵਾਈ ਸੈਨਾ ਨੇ ਇਸ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।