ਮੈਲਬੌਰਨ,30 ਜਨਵਰੀ : ਆਸਟ੍ਰੇਲੀਆ ਦੇ ਮੈਲਬੌਰਨ ‘ਚ ਤਿਰੰਗਾ ਲਹਿਰਾ ਰਹੇ ਭਾਰਤੀਆਂ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ 6 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ 10 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪਿਛਲੇ 15 ਦਿਨਾਂ ਵਿੱਚ ਮੈਲਬੌਰਨ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰਿਆਂ ਨਾਲ ਭੰਨਤੋੜ ਕੀਤੇ ਗਏ ਹਨ। ਜਿਸ ‘ਤੋਂ ਬਾਅਦ ਇਸ ਘਟਨਾ ਕਾਰਨ ਚਿੰਤਾ ਵੱਧ ਗਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਖਾਲਿਸਤਾਨ ਦਾ ਝੰਡਾ ਫੜੇ ਕਈ ਲੋਕ ਤਿਰੰਗਾ ਫੜੇ ਭਾਰਤੀਆਂ ‘ਤੇ ਹਮਲਾ ਕਰ ਰਹੇ ਹਨ। ਖਾਲਿਸਤਾਨੀ ਸਮਰਥਕਾਂ ਦੇ ਹੱਥਾਂ ‘ਚ ਲਾਠੀਆਂ ਵੀ ਦਿਖਾਈ ਦੇ ਰਹੀਆਂ ਹਨ, ਜਿਸ ਨਾਲ ਉਹ ਭਾਰਤੀਆਂ ‘ਤੇ ਹਮਲੇ ਕਰ ਰਹੇ ਹਨ। ਜਾਣਕਾਰੀ ਅਨੁਸਾਰ ਐਤਵਾਰ ਨੂੰ ਸਿੱਖਸ ਫਾਰ ਜਸਟਿਸ (SFJ) ਨੇ ਮੈਲਬੌਰਨ ਵਿੱਚ ਫੈਡਰੇਸ਼ਨ ਸਕੁਏਅਰ ਵਿੱਚ ਕਥਿਤ ਰਾਏਸ਼ੁਮਾਰੀ ਦਾ ਆਯੋਜਨ ਕੀਤਾ ਸੀ। ਇੱਥੇ ਵੱਡੀ ਗਿਣਤੀ ਵਿੱਚ ਖਾਲਿਸਤਾਨ ਸਮਰਥਕ ਝੰਡੇ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੌਰਾਨ 25-30 ਨੌਜਵਾਨਾਂ ਦੇ ਇੱਕ ਜਥੇ ਨੇ ਭਾਰਤ ਮਾਤਾ ਦੀ ਜੈ ਅਤੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਫੈਡਰੇਸ਼ਨ ਚੌਕ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਹੱਥਾਂ ਵਿੱਚ ਭਾਰਤੀ ਰਾਸ਼ਟਰੀ ਝੰਡੇ ਦਾ ਤਿਰੰਗਾ ਫੜਿਆ ਹੋਇਆ ਸੀ। ਉਨ੍ਹਾਂ ਨੂੰ ਦੇਖਦੇ ਹੀ ਖਾਲਿਸਤਾਨ ਸਮਰਥਕਾਂ ਨੇ ਹਮਲਾ ਕਰ ਦਿੱਤਾ।