ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਬੱਸ ਹਾਦਸਾ, 13 ਦੀ ਮੌਤ

ਇਸਲਾਮਾਬਾਦ, 18 ਜੂਨ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੀਤੇ ਦਿਨੀਂ ਰਾਜਮਾਰਗ ‘ਤੇ ਇਕ ਬੱਸ ਦੇ ਪਲਟ ਜਾਣ ਨਾਲ 5 ਮਹਿਲਾਵਾਂ ਤੇ ਤਿੰਨ ਬੱਚਿਆਂ ਸਣੇ 13 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬੱਸ ਲਾਹੌਰ ਤੋਂ ਰਾਵਲਪਿੰਡੀ ਜਾ ਰਹੀ ਸੀ ਤੇ ਇਹ ਕੱਲਾਰ ਕਹਾਰ ਸਾਲਟ ਰੇਂਜ ਦੇ ਕੋਲ ਰਾਜਮਾਰਗ ‘ਤੇ ਪਲਟ ਗਈ। ਨੈਸ਼ਨਲ ਹਾਈਵੇ ਐਂਡ ਮੋਟਰਵੇ ਪੁਲਿਸ ਨੇ ਦੱਸਿਆ ਕਿ ਦੁਰਘਟਨਾ ਸੰਭਵ ਤੌਰ ‘ਤੇ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਹੋਈ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਦੱਸਿਆ ਕਿ ਬੱਸ ਵਿਚ 34 ਯਾਤਰੀ ਸਨ।