ਦੱਖਣੀ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਰਾਏਕੋਟ ਦਾ ਮੁੰਡਾ ਅਰਪਨ ਖੰਨਾ ਬਣਿਆ ਮੇਂਬਰ ਪਾਰਲੀਮੈਂਟ

ਓਨਟਾਰੀਓ, 20 ਜੂਨ : ਦੱਖਣੀ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਵਲੋਂ ਅਰਪਨ ਖੰਨਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਹੈ। ਲੰਘੇ ਸੋਮਵਾਰ ਨੂੰ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਆਕਸਫੋਰਡ ਕੰਜ਼ਰਵੇਟਿਵ ਪਾਰਟੀ ਦੇ ਆਊਟਰੀਚ ਚੇਅਰਮੈਨ ਅਤੇ ਬਰੈਂਪਟਨ ਦੇ ਵਕੀਲ ਅਰਪਨ ਖੰਨਾ ਨੇ ਆਪਣੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੇ ਨੂੰ 35.6 ਫੀਸਦੀ ਦੇ ਮੁਕਾਬਲੇ 43.6 ਫੀਸਦੀ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਅਰਪਨ ਖੰਨਾ ਦਾ ਪਿਛੋਕੜ ਪੰਜਾਬ ਦੇ ਜਿਲ੍ਹਾ ਲੁਧਿਓਾਣਾ ਦੇ ਸ਼ਹਿਰ ਰਾਏਕੋਟ ਦਾ ਹੈ; ਐਮਪੀ ਅਰਪਨ ਖੰਨਾ ਦੇ ਪਿਤਾ ਰਾਏਕੋਟ ਦੇ ਸਾਬਕਾ ਕੌਂਸਲਰ ਸੁਭਾਸ਼ ਖੰਨਾ ਰਹੇ ਹਨ, ਆਪਣੇ ਮਾਤਾ-ਪਿਤਾ ਸੁਭਾਸ਼ ਖੰਨਾ ਅਤੇ ਕਿਰਨ ਖੰਨਾ ਤੋਂ ਸਮਾਜ ਸੇਵਾ ਦੇ ਗੁਣ ਵਿਰਸੇ ਵਿੱਚ ਪ੍ਰਾਪਤ ਕਰਕੇ, ਨਵੇਂ ਚੁਣੇ ਗਏ ਸੰਸਦ ਮੈਂਬਰ ਅਰਪਨ ਖੰਨਾ ਹਮੇਸ਼ਾ ਆਪਣੇ ਭਾਈਚਾਰੇ ਤੇ ਮਾਨਵਤਾ ਦੀ ਸੇਵਾ ਲਈ ਮੋਹਰੀ ਹੋ ਕੇ ਕੰਮ ਕਰਦੇ ਰਹੇ ਹਨ, ਜੋ ਕਿ ਉਨ੍ਹਾਂ ਦੀ ਜਿੱਤ ਦਾ ਇੱਕ ਵੱਡਾ ਆਧਾਰ ਬਣਿਆ ਹੈ। ਅਰਪਨ ਖੰਨਾ ਇੱਕ ਇਮੀਗ੍ਰੇਸ਼ਨ ਐਡਵੋਕੇਟ ਵਜੋਂ ਅਨਟਾਰੀਓ ਖੇਤਰ ਦੇ ਭਾਰਤੀਆਂ, ਜਿਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ ਦੀ ਸੇਵਾ ਭਾਵਨਾ ਨਾਲ ਮਦਦ ਕਰ ਰਿਹਾ ਹੈ ਤੇ ਉਹ ਆਪਣੇ ਭਾਈਚਾਰੇ ’ਚ ਹਰਮਨ ਪਿਆਰਾ ਹੋਣ ਕਰਕੇ ਹੀ ਅਨਟਾਰੀਓ ਦਾ ਸੰਸਦ ਮੈਂਬਰ ਚੁਣਿਆ ਗਿਆ ਹੈ।