ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3, ਬਲਾਕ ਪੱਧਰੀ ਖੇਡ ਮੁਕਾਬਲੇ 4 ਸਤੰਬਰ ਤੋਂ 12 ਸਤੰਬਰ ਤੱਕ - ਏ.ਡੀ.ਸੀ

  • ਵਧੀਕ ਡਿਪਟੀ ਕਮਿਸ਼ਨਰ ਵਲੋਂ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ
  • ਮੌਕੇ ’ਤੇ ਕਰਵਾਈ ਜਾ ਸਕੇਗੀ ਰਜਿਸਟਰੇਸ਼ਨ

ਕਪੂਰਥਲਾ,2 ਸਤੰਬਰ 2024 : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਕਪੂਰਥਲਾ ਵਿਚ ਬਲਾਕ ਪੱਧਰੀ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਇਲ), ਵਾਲੀਬਾਲ, (ਸੂਟਿੰਗ ਤੇ ਸਮੈਸ਼ਿੰਗ) ਦੇ ਖੇਡ ਮੁਕਾਬਲੇ 4 ਸਤੰਬਰ ਤੋਂ 12 ਸਤੰਬਰ ਤੱਕ ਕਰਵਾਏ ਜਾ ਰਹੇ ਹਨ।  ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ.ਨਯਨ ਵਲੋਂ ਅਧਿਕਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਤਾਂ ਜੋ ਖੇਡ ਮੁਕਾਬਲਿਆਂ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 17 ਸਤੰਬਰ ਤੋਂ 22 ਸਤੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਬਲਾਕ ਪੱਧਰੀ ਖੇਡ ਮੁਕਾਬਲਾ ਕਪੂਰਥਲਾ ਦੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 4 ਅਤੇ 5 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 6 ਅਤੇ 7 ਸਤੰਬਰ ਨੂੰ ਫਗਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਫੁੱਟਬਾਲ ਦੇ ਖੇਡ ਮੁਕਾਬਲੇ ਫਗਵਾੜਾ ਦੇ ਗੁਰੂ ਨਾਨਕ ਕਾਲਜ ਸੁਖਚੈਨਆਮਆ ਸਾਹਿਬ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਬਲਾਕ ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ 9 ਅਤੇ 10 ਸਤੰਬਰ ਨੂੰ, ਨਡਾਲਾ ਬਲਾਕ ਦੇ ਖੇਡ ਮੁਕਾਬਲੇ ਸਰਕਾਰੀ ਹਾਈ ਸਕੂਲ ਖਸਣ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਖੇ 11 ਸਤੰਬਰ ਤੋਂ 12 ਸਤੰਬਰ ਨੂੰ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਮੌਕੇ ’ਤੇ ਹੀ ਆਫਲਾਈਨ ਰਜਿਸਟਰੇਸ਼ਨ ਕਰਵਾ ਖੇਡਾਂ ਵਿਚ ਹਿੱਸਾ ਲੈ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਖਾਣ-ਪੀਣ, ਸੁਰੱਖਿਆ, ਮੈਡੀਕਲ ਟੀਮਾਂ ਆਦਿ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਵੀ ਸਮੇਂਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਖਿਡਾਰੀਆਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ 14, 17, 21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-30, 31-40, 41-50, 51-60 ਤੇ 61-70 ਤੇ 70 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ। ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਡਾ.ਇਰਵਿਨ ਕੌਰ, ਐਸ.ਡੀ.ਐਮ. ਭੁਲੱਥ ਨਵਨੀਤ ਕੌਰ ਬੱਲ ਅਤੇ ਜ਼ਿਲ੍ਹਾ ਖੇਡ ਅਫਸਰ ਨਵਦੀਪ ਜਿੰਦਲ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ। ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ.ਨਯਨ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕਰਦੇ ਹੋਏ।