ਚੰਡੀਗੜ੍ਹ, 08 ਅਪ੍ਰੈਲ : ਲੋਕ ਸਭਾ ਚੋਣਾਂ-2024 ਨੂੰ ਲੈ ਕੇ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਕਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਉਥੇ ਚੋਣ ਸਰਗਰਮੀਆਂ ਨੂੰ ਵੀ ਤੇਜ਼ ਕੀਤਾ ਹੋਇਆ ਹੈ। ਉੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਕੋਈ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਦਾ ਮੁੱਖ ਕਾਰਨ ਸੂਬੇ ਦੀਆਂ ਕਈ ਸੀਟਾਂ ਤੇ ਟਿਕਟਾਂ ਨੂੰ ਲੈ ਕੇ ਪੇਚ ਫਸਿਆ ਹੋਣਾ ਦੱਸਿਆ ਜਾ ਰਿਹਾ ਹੈ। ਜੇਕਰ ਪੰਜਾਬ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਤੇ ਝਾਤ ਮਾਰੀਏ ਤਾਂ ਸੰਗਰੂਰ, ਪਟਿਆਲਾ, ਆਨੰਦਪੁਰ ਸਾਹਿਬ ਤੇ ਬਠਿੰਡਾ ‘ਚ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ ਕੀਤਾ ਹੋਇਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਢੀਂਡਸਾ ਪਰਿਵਾਰ ਦੀ ਵਾਪਸੀ ਤੋਂ ਬਾਅਦ ਜਿੱਥੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਉਮੀਦਵਾਰ ਵਜੋਂ ਟਿਕਟ ਪੱਕੀ ਮੰਨੀ ਜਾ ਰਹੀ ਹੈ, ਪਰ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਸੁਣਨ ਵਿੱਚ ਆਇਆ ਕਿ ਸਾਬਕਾ ਵਿਧਾਇਕ ਝੂੰਦਾਂ ਦਾ ਕਹਿਣਾ ਹੈ ਕਿ ਜਦੋਂ ਢੀਂਡਸਾ ਪਰਿਵਾਰ ਅਕਾਲੀ ਦਲ ਨੂੰ ਛੱਡ ਗਿਆ ਸੀ ਤਾਂ ਉਨ੍ਹਾਂ ਨੇ ਮਾੜੇ ਸਮੇਂ ਵਿੱਚ ਪਾਰਟੀ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਇੰਚਾਰਜ ਹਨ। ਇਕਬਾਲ ਸਿੰਘ ਝੂੰਦਾਂ ਨੇ ਇਹ ਵੀ ਕਿਹਾ ਕਿ ਜੇਕਰ ਪਾਰਟੀ ਪਰਮਿੰਦਰ ਸਿੰਘ ਢੀਂਡਸਾ ਜਾਂ ਕਿਸੇ ਹੋਰ ਆਗੂ ਨੂੰ ਟਿਕਟ ਦੇ ਕੇ ਉਮੀਦਵਾਰ ਐਲਾਨ ਦੀ ਹੈ ਤਾਂ ਉਹ ਉਨ੍ਹਾਂ ਦਾ ਵੀ ਸਾਥ ਤਨ-ਮਨ ਨਾਲ ਦੇਣਗੇ। ਇਸ ਸਬੰਧੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਟਿਕਟ ਦੀ ਮੰਗ ਕਰਨਾ ਹਰ ਇੱਕ ਦਾ ਲੋਕਤੰਤਰੀ ਹੱਕ ਹੈ। ਪਾਰਟੀ ਜਿਸ ਕਿਸੇ ਨੂੰ ਵੀ ਚੋਣ ਮੈਦਾਨ ਵਿੱਚ ਉਤਾਰੇਗੀ ਤਾਂ ਉਹ ਉਸਦਾ ਸਾਥ ਦੇਣਗੇ। ਇਸੇ ਹੀ ਤਰ੍ਹਾਂ ਲੋਕ ਸਭਾ ਹਲਕਾ ਤੇ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਚੋਣ ਲੜਨਾ ਚਾਹੁੰਦੇ ਹਨ, ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਉਹ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ੍ਹ ਚੁੱਕੇ ਹਨ ਅਤੇ 2012 ਵਿੱਚ ਰੋਪੜ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ, ਇਹ ਇਲਾਕਾ ਵੀ ਸ੍ਰੀ ਆਨੰਦਪੁਰ ਸਾਹਿਬ ਦਾ ਹਿੱਸਾ ਹੀ ਹੈ। ਉੱਧਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਆਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਲੋਕ ਸਭਾ ਹਲਕਾ ਬਠਿੰਡਾ ਤੋਂ ਵੈਸੇ ਤਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ, ਪਰ ਕੁੱਝ ਦਿਨ ਪਹਿਲਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮੂਲਕਾ ਦੀ ਨੂੰਹ ਜੋ ਸਰਕਾਰੀ ਆਹੁਦੇ ਤੇ ਅਫਸਰ ਵਜੋਂ ਸੇਵਾ ਨਿਭਾਅ ਰਹੀ ਸੀ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ, ਉਨ੍ਹਾਂ ਦੇ ਅਸਤੀਫਾ ਤੋਂ ਬਾਅਦ ਅਫਵਾਹਾਂ ਸਨ ਕਿ ਉਹ ਲੋਕ ਸਭਾ ਚੋਣ ਲੜ ਸਕਦੇ ਹਨ। ਲੋਕ ਸਭਾ ਹਲਕਾ ਪਟਿਆਲਾ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਜਿੱਥੇ ਚੋਣ ਲੜਨ ਤੋਂ ਪਹਿਲਾਂ ਹੀ ਜਵਾਬ ਦੇ ਚੁੱਕੇ ਹਨ, ਉੱਥੇ ਉਹ ਇਸ ਹਲਕੇ ਤੋਂ ਐਨ.ਕੇ. ਸ਼ਰਮਾਂ ਨੂੰ ਟਿਕਟ ਦੇਣ ਦੇ ਹੱਕ ਵਿੱਚ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਵੇਂ ਵੱਖ ਵੱਖ ਹਲਕਿਆਂ ਦੇ ਸੀਨੀਅਰ ਆਗੂਆਂ, ਪਾਰਟੀ ਵਰਕਰਾਂ, ਜਿਲ੍ਹਾਂ ਪ੍ਰਧਾਨਾਂ ਨਾਲ ਸਲਾਹ ਮਸਵਰਾ ਕੀਤਾ ਗਿਆ ਹੈ, ਪਰ ਕਿਹੜਾ ਉਮੀਦਵਾਰ ਕਿਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇਗਾ, ਇਹ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਟਿਕਟਾਂ ਦੀ ਵੰਡ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਦਿਖਾਈ ਦੇ ਰਿਹਾ ਹੈ।