
ਚੰਡੀਗੜ੍ਹ, 19ਫਰਵਰੀ 2025 : ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ, ਐਚ. ਐਮ. ਵੀ, ਕਾਲਜ ਜਲੰਧਰ ਦੇ ਸਹਿਯੋਗ ਨਾਲ, ਪੰਜਾਬ ਨਵ ਸਿਰਜਣਾ ਤਹਿਤ, ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ ‘ਪੰਜਾਬ ਗੌਰਵ ਅਤੇ ਮਾਤ ਭਾਸ਼ਾ ਸਨਮਾਨ ਸਮਾਰੋਹ 2025 ਆਯੋਜਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜਲੰਧਰ ਦੇ ਡਿਪਟੀ ਕਮਿਸ਼ਨਰ, ਸ਼੍ਰੀ ਹਿੰਮਾਸ਼ੂ ਅਗਰਵਾਲ ਸਨ।ਪ੍ਰਧਾਨਗੀ ਮੰਡਲ ਵਿਚ ਸਵਰਨਜੀਤ ਸਵੀ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ, ਭੁਪਿੰਦਰ ਕੌਰ ਪਾਤਰ, ਡਾ. ਯੋਗਰਾਜ, ਅਸ਼ਵਨੀ ਚੈਟਲੇ, ਅਮਰਜੀਤ ਗਰੇਵਾਲ, ਪ੍ਰਿੰਸੀਪਲ ਅਜੇ ਸਰੀਨ, ਜਸਟਿਸ ਐਨ. ਕੇ ਸੂਦ,ਸ਼ਾਮਿਲ ਹੋਏ. ਸਭ ਤੋਂ ਪਹਿਲਾਂ ਸੁਆਗਤੀ ਸ਼ਬਦ ਬੋਲਦੇ ਹੋਏ ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਪ੍ਰਿੰਸੀਪਲ ਅਜੇ ਸਰੀਨ ਨੇ ਸੁਰਜੀਤ ਪਾਤਰ ਹੋਰਾਂ ਨੂੰ ਯਾਦ ਕਰਦੇ ਹੋਏ ਕਿਹਾ ਉਹਨਾਂ ਦੇ ਦਿੱਤੇ ਹੌਸਲੇ ਨਾਲ ਹੀ ਮੈਂ ਪੰਜਾਬੀ ਵਿਚ ਗੱਲ ਕਰ ਰਹੀ ਹਾਂ। ਅਗਾਂਹ ਉਹਨਾਂ ਨੇ ਕਲਾ ਪਰਿਸ਼ਦ ਦੀ ਸਾਰੀ ਟੀਮ ਦੀ ਸ਼ਲਾਘਾ ਕੀਤੀ।ਇਸ ਤੋਂ ਬਾਅਦ ਕਲਾ ਪਰਿਸ਼ਦ ਦੇ ਚੇਅਰਮੈਨ, ਸਵਰਨਜੀਤ ਸਵੀ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਸੁਰਜੀਤ ਪਾਤਰ ਨੇ ਆਪਣੇ ਜਾਣ ਤੋਂ ਪਹਿਲਾਂ ਇਕ ਸੁਪਨਾ ਦੇਖਿਆ ਸੀ ਤੇ ਮੇਰੀ ਡਿਊਟੀ ਲੱਗੀ ਕਿ ਮੈਂ ਚੇਅਰਮੈਨ ਦੇ ਤੌਰ ‘ਤੇ ਉਹਨਾਂ ਦੇ ਲਏ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂ। ਉਹਨਾਂ ਅਗਾਂਹ ਕਿਹਾ ਕਿ ਅਸੀਂ ਪਾਤਰ ਸਾਹਿਬ ਦੇ ਜਨਮ ਦਿਨ 14 ਜਨਵਰੀ ਤੋ ਲੈ ਕੇ 29 ਮਾਰਚ 2025 ਤਕ ‘ਪੰਜਾਬ ਨਵ ਸਿਰਜਣਾ’ ਤਹਿਤ ਸਮਾਗਮ ਲੜੀ ਸ਼ੁਰੂ ਕੀਤੀ ਜੋ ਕਿ ਨੌਜਵਾਨਾਂ, ਔਰਤਾਂ ਨੂੰ ਨਵ ਸਿਰਜਣਾ ਵੱਲ ਲੈ ਕੇ ਜਾਵੇਗਾ। ਉਹਨਾਂ ਨੇ ਪੰਜ ਪੰਜਾਬ ਗੌਰਵ ਤੇ ਦੋ ਮਾਤ ਭਾਸ਼ਾ ਆਵਾਰਡੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਉਪਰੰਤ ਉੱਘੇ ਚਿੰਤਕ ਅਮਰਜੀਤ ਗਰੇਵਾਲ ਹੋਰਾਂ ਨੇ ਆਪਣੇ ਸੰਬੋਧਨ ਵਿਚ ‘ਪੰਜਾਬ ਨਵ ਸਿਰਜਣਾ’ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਿਸ ਕਿਸੇ ਨਾਲ ਪੰਜਾਬ ਬਾਰੇ ਗੱਲ ਕਰੋ ਤਾਂ ਸਾਰੇ ਕਹਿੰਦੇ ਨੇ ਪੰਜਾਬ ਗਰਕਦਾ ਹੀ ਜਾ ਰਿਹਾ ਹੈ; ਨੌਜਵਾਨੀ ਦੇਖ ਲਵੋ, ਕਿਸਾਨੀ ਦੇਖ ਲਵੋ। ਉਹਨਾਂ ਅੱਗੇ ਕਿਹਾ ਕਿ ਹੁਣ ਪੰਜਾਬ ਨੂੰ ਬਚਾਇਆ ਹੀ ਤਾਂ ਸਕਦਾ ਜੇ ਪੰਜਾਬ ਦੀ ਨਵ ਸਿਰਜਣਾ ਕੀਤੀ ਜਾ ਸਕੇ। ਅਗਲੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਹੀ ਪੰਜਾਬ ਨੂੰ ਬਚਾ ਸਕਦੀ ਹੈ; ਇਸ ਲਈ ਪੰਜਾਬ ਕਲਾ ਪਰਿਸ਼ਦ ਵੱਲੋਂ ਸਮਾਗਮ ਲੜੀ ਸਾਰੇ ਪੰਜਾਬ ਖਾਸਕਰ ਵਿਦਿਆਰਥੀਆਂ ਵਿਚ ਲੈ ਕੇ ਜਾਣਾ ਸਾਡਾ ਉਦੇਸ਼ ਸੀ। ਸਮਾਗਮ ਦੇ ਅਗਲੇ ਦੌਰ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ।ਸਭ ਤੋਂ ਪਹਿਲਾਂ ਪੰਜਾਬ ਗੌਰਵ ਪੁਰਸਕਾਰ, ਉੱਘੇ ਗੁਰਮਤਿ ਸੰਗੀਤ ਗਿਆਤਾ ਭਾਈ ਬਲਦੀਪ ਸਿੰਘ ਨੂੰ ਪ੍ਰਦਾਨ ਕੀਤਾ ਗਿਆ।ਇਸ ਉਪਰੰਤ ਸਿਨੇਮੇ ਦੇ ਉੱਘੇ ਹਸਤਾਖ਼ਰ ਮਨਮੋਹਨ ਜੀ ਨੂੰ ਸਿਨੇਮੇ ਵਿਚ ਉੱਘਾ ਯੋਗਦਾਨ ਪਾਉਣ ਲਈ ਪੰਜਾਬ ਗੌਰਵ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਦੇ ਅਗਲੇ ਦੌਰ ਵਿਚ ਲਲਿਤ ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਸ੍ਰੀ ਸੁਭਾਸ਼ ਭਾਸਕਰ ਨੂੰ ਪੰਜਾਬ ਗੌਰਵ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਮਹਿੰਦਰ ਕੁਮਾਰ ਨੂੰ ਰੰਗਮੰਚ ਵਿਚ ਪਾਏ ਉੱਘੇ ਯੋਗਦਾਨ ਬਦਲੇ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਸਵੰਤ ਜ਼ਫ਼ਰ ਨੂੰ ਸਾਹਿਤ ਵਿਚ ਪਾਏ ਯੋਗਦਾਨ ਲਈ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਆ ਗਿਆ। ਵਰਿੰਦਰ ਵਾਲੀਆ ਨੂੰ ਪੱਤਰਕਾਰੀ ਅਤੇ ਗਲਪ ਵਿਚ ਯੋਗਦਾਨ ਪਾਉਣ ਲਈ ‘ਪੰਜਾਬੀ ਮਾਤ ਭਾਸ਼ਾ’ ਪੁਰਸਕਾਰ ਨਾਲ ਸਨਮਾਨਿਆ ਗਿਆ। ਉੱਘੇ ਨਾਵਲਕਾਰ ਜਸਵੀਰ ਮੰਡ ਨੂੰ ਪੰਜਾਬੀ ਗਲਪ ਵਿਚ ਪਾਏ ਯੋਗਦਾਨ ਲਈ, ‘ਪੰਜਾਬੀ ਮਾਤ ਭਾਸ਼ਾ’ ਪੁਰਸਕਾਰ ਦੇ ਸਨਮਾਨਿਆ ਗਿਆ। ਇਹ ਸਾਰੇ ਪੁਰਸਕਾਰ ਸੁਰਜੀਤ ਪਾਤਰ ਹੋਰਾਂ ਦੇ ਜੀਵਨ ਸਾਥਨ ਭੁਪਿੰਦਰ ਕੌਰ ਪਾਤਰ ਵੱਲੋਂ ਪ੍ਰਦਾਨ ਕੀਤੇ; ਇਸ ਦੌਰਾਨ ਸਮੁੱਚੀ ਕਲਾ ਪਰਿਸ਼ਦ ਦੇ ਅਹੁਦੇਦਾਰ ਤੇ ਡਿਪਟੀ ਕਮਿਸ਼ਨਰ ਜਲੰਧਰ ਹਿੰਮਾਸ਼ੂ ਅਗਰਵਾਲ ਹਾਜ਼ਰ ਸਨ ; ਉਹਨਾਂ ਨੇ ਵੀ ਸਮਾਰੋਹ ਦੀ ਸ਼ਲਾਘਾ ਕੀਤੀ।ਇਸ ਸਮਾਗਮ ਦਾ ਸੰਚਾਲਨ ਡਾ. ਨਵਰੂਪ ਕੌਰ ਮੁਖੀ ਪੰਜਾਬੀ ਵਿਭਾਗ, ਐਚ. ਐਮ. ਵੀ ਵੱਲੋੱ ਬਾਖ਼ੂਬੀ ਕੀਤਾ ਗਿਆ।ਇਸ ਸਮਾਰੋਹ ਵਿਚ ਡਾ. ਆਤਮ ਰੰਧਾਵਾ,ਪ੍ਰੀਤਮ ਰੁਪਾਲ, ਜਗਦੀਪ ਸਿੱਧੂ, ਕੁਲਦੀਪ ਬੇਦੀ, ਕੁਲਵੰਤ ਕੌਰ ਅਨੂਜੀਤ ਆਦਿ ਸ਼ਾਮਿਲ ਹੋਏ।