- ਬਜਟ ਵਿੱਚ ਵਾਅਦਿਆਂ ਮੁਤਾਬਕ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕਰਨਾ ਚਾਹੀਦਾ ਸੀ
ਚੰਡੀਗੜ੍ਹ, 11 ਮਾਰਚ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਮੁਕੰਮਲ ਬਜਟ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਸਾਬਿਤ ਹੋਇਆ ਹੈ।ਬੀਬੀ ਗੁਲਸ਼ਨ ਨੇ ਇਸ ਬਜਟ ਨੂੰ ਸਰਕਾਰ ਦੀ ਫ਼ੌਕੀ ਲਿਫ਼ਾਫ਼ੇਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਇਹ ਬਜਟ ਪਿਛਲੇ ਸਰਕਾਰਾਂ ਦੌਰਾਨ ਪੇਸ਼ ਕੀਤੇ ਬਜਟ ਦਾ ਕੇਵਲ ਦਹਰਾਉ ਅਤੇ ਅੰਕੜਿਆਂ ਦਾ ਫੇਰਬਦਲ ਹੀ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸੱਤਾ ਪ੍ਰਾਪਤੀ ਲਈ ਪੰਜਾਬਵਾਸੀਆਂ ਨੂੰ ਦਿੱਤੀਆਂ ਵੱਡੀਆਂ-ਗਰੰਟੀਆਂ ਦਾ ਕੋਈ ਜਿ਼ਕਰ ਤੱਕ ਨਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੀ ਮਾਲੀ ਹਾਲਤ ਸੁਧਰਣ ਦੀ ਦਿਸ਼ਾ ਵਿੱਚ ਵੀ ਕੋਈ ਢੁਕਵਾਂ ਕਦਮ ਨਹੀ ਚੁੱਕਿਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਇਸ ਬਜਟ ਵਿੱਚ ਵਾਅਦਿਆਂ ਮੁਤਾਬਕ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕਰਨਾ ਚਾਹੀਦਾ ਸੀ। ਇਸ ਤੋਂ ਇਲਾਵਾ ਰੇਤ ਮਾਫ਼ੀਆ ਖਤਮ ਕਰਕੇ 20 ਹਜ਼ਾਰ ਕਰੋੜ ਰੁਪਏ ਸੂਬੇ ਦੇ ਵਿਕਾਸ `ਤੇ ਲਾਉਣ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਅਤੇ ਦਵਾਈਆਂ ਦੇਣ ਵਰਗੇ ਕੀਤੇ ਗਏ ਵਾਅਦੇ ਪੂਰੇ ਕਰਨੇ ਚਾਹੀਦੇ ਸਨ ਪਰ ਮਾਨ ਸਰਕਾਰ ਨੇ ਅਜਿਹਾ ਨਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ `ਤੇ ਪਾਣੀ ਫੇਰ ਦਿੱਤਾ ਹੈ। ਮਾਨ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ `ਤੇ ਪ੍ਰਤੀਕਰਮ ਦਿੰਦਿਆਂ ਬੀਬੀ ਗੁਲਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਜੋ ਮੁੱਦੇ ਪਹਿਲਾਂ ਸਨ, ਉਹੀ ਮੁੱਦੇ ਅਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ ਅਤੇ ਮਾਨ ਸਰਕਾਰ ਕੇਵਲ ਬਿਆਨਬਾਜ਼ੀ ਨਾਲ ਹੀ ਲੋਕਾਂ ਦੇ ਢਿੱਡ ਭਰਨ ਦੀ ਕੋਸਿ਼ਸ਼ ਕਰ ਰਹੀ ਹੈ ਜਦੋਂ ਕਿ ਅਸਲੀਅਤ ਵਿੱਚ ਸਰਕਾਰ ਕੋਲੇ ਸੂਬੇ ਨੂੰ ਵਿਕਾਸ ਦੇ ਰਾਹ `ਤੇ ਤੋਰਨ ਦੀ ਕੋਈ ਪੁਖਤਾ ਨੀਤੀ ਹੀ ਨਹੀ ਹੈ।ਬੀਬੀ ਗੁਲ਼ਸ਼ਨ ਨੇ ਕਿਹਾ ਕਿ ਵਰਤਮਾਨ ਸਰਕਾਰ ਦਾ ਕੰਮ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਬਣ ਚੁੱਕਾ ਹੈ ।