ਜੇਕਰ ਕੋਈ ਵੀ ਅਣਅਧਿਕਾਰਤ ਬੀਜ ਵੇਚਦਾ ਪਾਇਆ ਜਾਂਦਾ ਹੈ ਤਾਂ ਸਬੰਧਤ ਮੁੱਖ ਖੇਤੀਬਾੜੀ ਅਧਿਕਾਰੀ ਜ਼ਿੰਮੇਵਾਰ ਹੋਵੇਗਾ: ਖੇਤੀਬਾੜੀ ਮੰਤਰੀ

  • ਗੁਰਮੀਤ ਖੁੱਡੀਆਂ ਵੱਲੋਂ ਨਰਮੇ ਦੇ ਨਕਲੀ, ਝੋਨੇ ਦੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਿਕਰੀ ਖ਼ਿਲਾਫ਼ ਸਖ਼ਤੀ ਕਾਰਵਾਈ ਦੇ ਹੁਕਮ
  • ਗੁਆਂਢੀ ਰਾਜਾਂ ਤੋਂ ਆਉਣ ਵਾਲੇ ਨਕਲੀ ਬੀਜਾਂ ‘ਤੇ ਬਾਜ਼ ਅੱਖ ਰੱਖਣ ਅਤੇ ਉਨ੍ਹਾਂ ਨੂੰ ਰੋਕਣ ਲਈ ਨੋਡਲ ਅਧਿਕਾਰੀ ਹੋਣਗੇ ਨਿਯੁਕਤ

ਚੰਡੀਗੜ੍ਹ, 28 ਮਾਰਚ 2025 : ਆਗਾਮੀ ਸਾਉਣੀ ਸੀਜ਼ਨ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸ਼ੁੱਕਰਵਾਰ ਨੂੰ ਨਰਮੇ ਦੇ ਨਕਲੀ ਅਤੇ ਝੋਨੇ ਦੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਿਕਰੀ ਉੱਤੇ ਮੁਕੰਮਲ ਰੋਕ ਲਈ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਸਖ਼ਤਾਈ ਦਾ ਉਦੇਸ਼ ਕਿਸਾਨਾਂ ਨੂੰ ਧੋਖਾਧੜੀ ਤੋਂ ਬਚਾਉਣਾ ਅਤੇ ਉਨ੍ਹਾਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਸਕੱਤਰ ਡਾ. ਬਸੰਤ ਗਰਗ ਦੇ ਨਾਲ ਇੱਥੇ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਮੁੱਖ ਖੇਤੀਬਾੜੀ ਅਧਿਕਾਰੀਆਂ (ਸੀ.ਏ.ਓ.) ਅਤੇ ਸੰਯੁਕਤ ਡਾਇਰੈਕਟਰਾਂ ਨਾਲ ਇੱਕ ਉੱਚ-ਪੱਧਰੀ ਵੀਡੀਓ ਕਾਨਫਰੰਸਿੰਗ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਝੋਨੇ ਦੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਿਕਰੀ ਸਾਹਮਣੇ ਆਈ ਤਾਂ ਸਬੰਧਿਤ ਮੁੱਖ ਖੇਤੀਬਾੜੀ ਅਫਸਰ ਜ਼ਿੰਮੇਵਾਰ ਹੋਵੇਗਾ ਅਤੇ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ. ਖੁੱਡੀਆਂ ਨੇ ਸਾਰੇ ਮੁੱਖ ਖੇਤੀਬਾੜੀ ਅਫ਼ਸਰਾਂ (ਸੀ.ਏ.ਓ.) ਨੂੰ ਨਰਮੇ ਦੇ ਨਕਲੀ ਬੀਜਾਂ ਦੇ ਉਤਪਾਦਨ ਅਤੇ ਵੰਡ ਵਿੱਚ ਸ਼ਾਮਲ ਲੋਕਾਂ ਵਿਰੁੱਧ ਤੇਜ਼ੀ ਨਾਲ ਅਤੇ ਫੈਸਲਾਕੁੰਨ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਇਸ ਤੋਂ ਇਲਾਵਾ ਸ਼ੱਕੀ ਗੋਦਾਮਾਂ ਅਤੇ ਦੁਕਾਨਾਂ ‘ਤੇ ਛਾਪੇਮਾਰੀ ਕਰਨ, ਬੀਜਾਂ ਦੇ ਗੈਰ-ਕਾਨੂੰਨੀ ਸਟਾਕ ਨੂੰ ਜ਼ਬਤ ਕਰਨ ਅਤੇ ਇਸ ਨਾਜਾਇਜ਼ ਕੰਮ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਸ. ਖੁੱਡੀਆਂ ਨੇ ਸਰਹੱਦੀ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਗੁਆਂਢੀ ਰਾਜਾਂ ਤੋਂ ਨਕਲੀ ਬੀਜਾਂ ਦੇ ਪ੍ਰਵੇਸ਼ ‘ਤੇ ਬਾਜ਼ ਅੱਖ ਰੱਖਣ ਅਤੇ ਇਸ ਨੂੰ ਰੋਕਣ ਲਈ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਾਰਕੀਟ ਵਿੱਚ ਝੋਨੇ ਅਤੇ ਕਪਾਹ ਦੇ ਸਿਰਫ਼ ਪ੍ਰਮਾਣਿਤ ਅਤੇ ਅਧਿਕਾਰਤ ਬੀਜ ਹੀ ਕਿਸਾਨਾਂ ਲਈ ਉਪਲਬਧ ਹੋਣੇ ਚਾਹੀਦੇ ਹਨ। ਫਸਲਾਂ ਦੀ ਖ਼ਰਾਬੀ, ਵਿੱਤੀ ਨੁਕਸਾਨ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਸਮੁੱਚੀ ਗਿਰਾਵਟ ਦਾ ਕਾਰਨ ਬਣਨ ਵਾਲੇ ਨਕਲੀ ਬੀਜਾਂ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਗੱਲ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਅਧਿਕਾਰਤ ਡੀਲਰਾਂ ਤੋਂ ਪੀਏਯੂ ਦੁਆਰਾ ਸਿਫ਼ਾਰਸ਼ ਕੀਤੇ ਪ੍ਰਮਾਣਿਤ ਬੀਜ ਹੀ ਖਰੀਦਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਖੇਤੀਬਾੜੀ ਡਾਇਰੈਕਟਰ ਜਸਵੰਤ ਸਿੰਘ ਨੇ ਖੇਤੀਬਾੜੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਿੱਤੀ ਸਾਲ 2024-25 ਵਿੱਚ ਗੁਣਵੱਤਾ ਨਿਯੰਤਰਣ ਮੁਹਿੰਮ ਤਹਿਤ ਵਿਭਾਗ ਨੇ 4465 ਕੀਟਨਾਸ਼ਕਾਂ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 116 ਗੈਰਮਿਆਰੀ ਪਾਏ ਗਏ ਸਨ। ਨਤੀਜੇ ਵਜੋਂ, 116 ਫ਼ਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਅਤੇ ਪੰਜ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ 3592 ਖਾਦ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 96 ਗੈਰਮਿਆਰੀ ਪਾਏ ਗਏ ਸਨ, ਜਿਸ ਕਾਰਨ 102 ਲਾਇਸੈਂਸ ਰੱਦ ਕੀਤੇ ਗਏ ਅਤੇ ਅੱਠ ਐਫਆਈਆਰ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਬੀਜਾਂ ਦੇ 5218 ਨਮੂਨੇ ਲਏ ਗਏ ਸਨ, ਅਤੇ 137 ਗੁਣਵੱਤਾ ਜਾਂਚ ਵਿੱਚ ਅਸਫਲ ਰਹੇ ਸਨ, ਤੇ ਉਹਨਾਂ ‘ਤੇ ਢੁੱਕਵੀਂ ਕਾਰਵਾਈ ਕੀਤੀ ਗਈ। ਖੇਤੀਬਾੜੀ ਮੰਤਰੀ ਨੇ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਆਪਣੇ ਜ਼ਿਲ੍ਹਿਆਂ ਦੀਆਂ ਖਾਲੀ ਅਸਾਮੀਆਂ ਅਤੇ ਤਰੱਕੀਆਂ ਦੇ ਕੇਸ ਜਲਦੀ ਤੋਂ ਜਲਦੀ ਭੇਜਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਵਿਭਾਗ ਨੂੰ ਹੋਰ ਮਜ਼ਬੂਤ ​​ਕਰਕੇ ਕਾਰਜ ਕੁਸ਼ਲਤਾ ਵਧਾਈ ਜਾ ਸਕੇ।