ਚੰਡੀਗੜ੍ਹ, 12 ਜੂਨ : ਪੰਜਾਬ ‘ਚ ਮੰਤਰੀਆਂ ਅਤੇ ਉਹਨਾਂ ਦੇ ਵਿਭਾਗਾਂ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆਈ ਹੈ ਕਿ ਕਈ ਮੰਤਰੀਆਂ ਨੂੰ ਮੰਤਰੀ ਪਦ ਤੋਂ ਹੱਥ ਧੋਣੇ ਪੈ ਸਕਦੇ ਹਨ ਤੇ ਕਈਆਂ ਨੂੰ ਕਿਸੇ ਹੋਰ ਥਾਂ ਬਦਲੀ ਕੀਤਾ ਜਾ ਸਕਦਾ ਹੈ। ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਸੀਐਮ ਮਾਨ ਲਗਾਤਾਰ ਐਕਟਿਵ ਮੋੜ ਵਿਚ ਨਜਰ ਆ ਰਹੇ ਹਨ। ਮਾਨ ਲਗਾਤਾਰ ਨਵੇਂ ਚੁਣੇ ਸਾਂਸਦਾਂ, ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹੜੀਆਂ ਕਮੀਆਂ ਰਹੀ ਗਈਆਂ ਜਿਨ੍ਹਾਂ ਕਰਕੇ ਆਪ ਨੂੰ ਸੂਬੇ ਅੰਦਰ ਸਿਰਫ 3 ਸੀਟਾਂ ਮਿਲੀਆਂ ਹਨ। ਸੂਤਰਾਂ ਦੀ ਮੰਨੀਏ ਤਾ ਰਾਸ਼ਟਰੀ ਜਨਰਲ ਸਕੱਤਰ ਵੱਲੋਂ ਵੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਖਬਰ ਸਾਹਮਣੇ ਆਈ ਹੈ ਕਿ ਹਾਈਕਮਾਂਡ ਨਾਲ ਮੀਟਿੰਗ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਜਾ ਸਕਦੇ ਹਨ। ਜਿਥੇ ਕਈ ਨਵੇਂ ਚਿਹਰਿਆਂ ਨੂੰ ਪੰਜਾਬ ਕੈਬਨਿਟ ਵਿਚ ਥਾਂ ਦਿੱਤੀ ਜਾ ਸਕਦੀ ਹੈ। ਦੱਸ ਦੇਈਏ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 46 ਤੋਂ 26 ਫੀਸਦੀ ਉਤੇ ਆ ਚੁੱਕਾ ਹੈ ਅਜਿਹੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹਫਤੇ ਵਿਚ ਦੋ ਵਾਰ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੀ ਵਿਵਸਥਾ ਕੀਤੀ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਮੇਂ ਅਚਾਨਕ ਕਿਸੇ ਹਲਕੇ ਵਿਚ ਜਾ ਕੇ ਚੈਕਿੰਗ ਕਰ ਸਕਦੇ ਹਨ ਤੇ ਜੇਕਰ ਜਾਰੀ ਹੋਏ ਨਿਰਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਉਨ੍ਹਾਂ ਖਿਲਾਫ ਐਕਸ਼ਨ ਵੀ ਲਿਆ ਜਾ ਸਕਦਾ ਹੈ।