- ਆਪਣੇ ਹੀ ਐਲਾਨ ਤੋਂ ਪਾਸਾ ਵੱਟ ਰਹੀ ਹੈ ਸੂਬਾ ਸਰਕਾਰ : ਖੰਨਾ
- ਆਪ ਸਰਕਾਰ ਕੋਲ ਕਿਸਾਨ ਅਤੇ ਕਿਸਾਨੀ ਨਾਲ ਕੋਈ ਸਰੋਕਾਰ ਅਤੇ ਤਜ਼ਰਬਾ ਨਹੀਂ
ਚੰਡੀਗੜ੍ਹ, 11 ਅਪ੍ਰੈਲ : ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਵਾਅਦਿਆਂ ਤੋਂ ਮੁਕਰਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜੇਕਰ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਮੁਆਵਜਾ ਪਹਿਲਾਂ ਦਿੱਤਾ ਜਾਵੇਗਾ ਜਦਕਿ ਗਿਰਦਾਵਰੀ ਬਾਅਦ ਵਿੱਚ ਹੋਵੇਗੀ। ਪਰ ਹੁਣ ਭਾਰੀ ਮੀਂਹ ਕਾਰਨ ਕਣਕ ਦੀ ਫਸਲ ਖਰਾਬ ਹੋ ਚੁੱਕੀ ਹੈ ਕਿਸਾਨਾਂ ਨੂੰ ਮੁਆਵਜਾ ਤਾਂ ਕੀ ਮਿਲਣਾ ਸੀ ਬਲਕਿ ਗਿਰਦਾਵਰੀ ਲਈ ਹੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਢਿੱਲੇ ਰਵਈਏ ਤੋਂ ਪ੍ਰੇਸ਼ਾਨ ਮੁਕਤਸਰ ਦੇ ਕਿਸਾਨ ਸਾਧੂ ਸਿੰਘ ਨੂੰ ਆਤਮਹੱਤਿਆ ਵਰਗਾ ਕਦਮ ਚੁੱਕਣ ਨੂੰ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸਰੋਂ ਦੀ ਫਸਲ ਵੀ ਘੱਟੋ-ਘੱਟ ਖਰੀਦ ਮੁੱਲ ਤੋਂ ਵੀ ਘੱਟ ਮੁੱਲ ਤੇ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੋਂ ਦਾ ਨਿਰਧਾਰਿਤ ਮੁੱਲ 5450 ਰੁਪਏ ਪ੍ਰਤੀ ਕੁਇੰਟਲ ਹੈ ਪਰ ਕਿਸਾਨਾਂ ਨੂੰ ਸਿਰਫ਼ 4040 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਇਹ ਸੋਸ਼ਣ ਵੀ ਬੰਦ ਕਰਨ ਦੀ ਅਪੀਲ ਉਨ੍ਹਾਂ ਆ ਰਹੇ ਝੋਨੇ ਦੀ ਸੀਜ਼ਨ ਲਈ ਵੀ ਨਿਰਵਿਘਨ ਬਿਜ਼ਲੀ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਹਰ ਵਾਅਦੇ ਤੋਂ ਮੁੱਕਰਦੀ ਜਾ ਰਹੀ ਹੈ ਤਾਂ ਜਾਪਦਾ ਹੈ ਕਿ ਕਿਸਾਨਾਂ ਨੂੰ ਇਸ ਝੋਨੇ ਦੀ ਸੀਜਨ ਵਿੱਚ ਵੀ ਖੱਜਲ ਖੁਆਰੀ ਦਾ ਹੀ ਸਾਹਮਣਾ ਕਰਨਾ ਪੈ ਸਕਦਾ ਹੈ। ਆਖਿਰ ਵਿਚ ਖੰਨਾ ਨੇ ਕਿਹਾ ਕਿ ਕਿਸਾਨ ਅਤੇ ਕਿਸਾਨੀ ਨਾਲ ਕੋਈ ਸਰੋਕਾਰ ਅਤੇ ਤਜ਼ਰਬਾ ਨਾ ਰੱਖਣ ਵਾਲੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੇ ਜਰੀਏ ਅਜਿਹਾ ਕੋਈ ਵੀ ਵਾਅਦਾ ਨਾ ਕਰਨ, ਜਿਸ ਕਾਰਨ ਆਰਥਿਕ ਪਖੋਂ ਕਮਜ਼ੋਰ ਕਿਸਾਨ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇ।