- ਸ਼ਹੀਦ ਦੇ ਵਾਰਸਾਂ ਲਈ ਐਕਸ-ਗ੍ਰੇਸ਼ੀਆ ਦੀ ਰਾਸ਼ੀ ਦੁੱਗਣੀ ਕਰਕੇ 1 ਕਰੋੜ ਰੁਪਏ ਕੀਤੀ; ਸ਼ਹੀਦਾਂ ਦੇ ਵਾਰਸਾਂ ਨੂੰ 9 ਮਹੀਨਿਆਂ ਵਿੱਚ 3 ਕਰੋੜ ਰੁਪਏ ਤੋਂ ਵੱਧ ਰਾਸ਼ੀ ਅਦਾ ਕੀਤੀ
ਚੰਡੀਗੜ੍ਹ, 30 ਦਸੰਬਰ : ਦੇਸ਼ ਦੀ ਰੱਖਿਆ ਲਈ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਜਵਾਨਾਂ ਦੇ ਸਕੇ-ਸਨੇਹੀਆਂ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਉਂਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੈਨਿਕਾਂ ਦੇ ਵਾਰਸਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ। ਰੱਖਿਆ ਜਵਾਨਾਂ ਦੀਆਂ ਬਹਾਦਰੀ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਮਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ। ਦੇਸ਼ ਦੀ ਰੱਖਿਆ ਲਈ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਵਾਰਸਾਂ ਨੂੰ ਇਹ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ 1 ਅਪ੍ਰੈਲ 2022 ਤੋਂ ਹੁਣ ਤੱਕ ਦੇ ਸਮੇਂ ਦੌਰਾਨ ਸ਼ਹੀਦਾਂ ਦੇ ਵਾਰਸਾਂ ਨੂੰ 3,09,40,000 ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੰਗ ਤੋਂ ਇਲਾਵਾ ਕਿਸੇ ਹੋਰ ਵਜ੍ਹਾ ਕਰਕੇ ਸੈਨਿਕ ਦੀ ਮੌਤ ਹੋਣ ਦੀ ਸੂਰਤ ਵਿੱਚ ਹਥਿਆਰਬੰਦ ਸੈਨਾਵਾਂ ਦੇ ਫਲੈਗ ਡੇਅ ਫੰਡ ਤਹਿਤ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤਹਿਤ 01.04.2022 ਤੋਂ ਹੁਣ ਤੱਕ ਦੇ ਅਰਸੇ ਦੌਰਾਨ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਨੂੰ 26 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ। ਸ਼ਹੀਦ ਹੋਣ ਵਾਲੇ ਸੈਨਿਕਾਂ ਦੀਆਂ ਵਿਧਵਾਵਾਂ ਦੀ ਦੇਖਭਾਲ ਦੇ ਏਜੰਡੇ ਨੂੰ ਮੁੱਖ ਰੱਖਦਿਆਂ ਮਾਨ ਸਰਕਾਰ ਵੱਲੋਂ ਫੌਜੀਆਂ ਦੀਆਂ ਵਿਧਵਾਵਾਂ ਨੂੰ 6 ਮਹੀਨਿਆਂ ਤੱਕ ਪੈਨਸ਼ਨ ਸ਼ੁਰੂ ਹੋਣ ਤੱਕ 15000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 01.04.2022 ਤੋਂ ਹੁਣ ਤੱਕ ਦੇ ਸਮੇਂ ਦੌਰਾਨ 14 ਵਿਧਵਾਵਾਂ ਨੂੰ ਗੁਜ਼ਾਰਾ ਭੱਤਾ ਮੁਹੱਈਆ ਕਰਵਾਇਆ ਹੈ।