ਫਗਵਾੜਾ, 02 ਅਗਸਤ : ਫਗਵਾੜਾ ਦੇ ਪਿੰਡ ਸੰਗਤਪੁਰਾ ‘ਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਇਸ ਬਾਰ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਪਤਾ ਤਾਂ ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਹਰਦੀਪ ਸਿੰਘ (41) ਦੀ ਹਾਲਤ ਕੁੱਝ ਨਾਜ਼ੁਕ ਹੈ, ਜਦੋਂ ਕਿ ਕੁਲਦੀਪ ਕੌਰ (77), ਰੁਚੀ ਜਸਵਾਲ ਪਤਨੀ ਹਰਦੀਪ ਸਿੰਘ (38), ਰੁਬਾਨੀ (12) ਪੁੱਤਰੀ ਹਰਦੀਪ ਸਿੰਘ, ਨਵ (9) ਦੀ ਹਾਲਤ ਵਿੱਚ ਸੁਧਾਰ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਹਰਦੀਪ ਸਿੰਘ ਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਚੀ ਜਸਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੈਸਿਆਂ ਦਾ ਲੈਣ ਦੇਣ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਪੁਲਿਸ ਵੀ ਆਈ ਸੀ, ਇਸ ਤੋਂ ਬਾਅਦ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਜ਼ਹਿਰ ਨਿਗਲ ਲਿਆ।ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਹਰਦੀਪ ਸਿੰਘ ਨੇ ਆਪਣੇ ਕੁੱਝ ਦੋਸਤਾਂ ਤੋਂ ਪੈਸੇ ਲਏ ਸਨ, ਜੋ ਉਸ ਨੇ ਉਨ੍ਹਾਂ ਦੇ ਖਾਤਿਆਂ ਵਿੱਚ ਵੀ ਪਾ ਦਿੱਤੇ ਸਨ, ਪਰ ਇਸ ਦੇ ਬਾਵਜੂਦ ਵੀ ਉਸ ਦੇ ਦੋਸਤ ਉਸ ਨਾਲ ਧੱਕੇਸ਼ਾਹੀ ਕਰਦੇ ਹਨ, ਬੀਤੀ ਰਾਤ ਉਨ੍ਹਾਂ ਨੇ ਉਨ੍ਹਾਂ ਦੇ ਘਰ ਪੁਲਿਸ ਵੀ ਭੇਜ ਦਿੱਤੀ, ਜਿਸ ਕਾਰਨ ਉਹ ਆਪਣੀ ਬੇਇੱਜ਼ਤੀ ਮੰਨ ਰਿਹਾ ਸੀ, ਜਿਸ ਤੋਂ ਬਾਅਦ ਉਸਦਾ ਬੇਟਾ ਜ਼ਹਿਰ ਲੈ ਕੇ ਆਇਆ ਅਤੇ ਸਾਰਿਆਂ ਨੇ ਜ਼ਹਿਰ ਨਿਗਲ ਲਿਆ।ਇਸ ਘਟਨਾਂ ਦੀ ਸੂਚਨਾ ਮਿਲਦਿਆਂ ਹੀ ਰਾਵਲ ਪਿੰਡੀ ਥਾਣੇ ਦੇ ਸਬ-ਇੰਸਪੈਕਟਰ ਹਰਜਿੰਦਰ ਸਿੰਘ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ, ਉਨ੍ਹਾਂ ਦੱਸਿਆ ਕਿ ਸ਼ਾਇਦ ਪੈਸਿਆਂ ਦੇ ਲੈਣ ਦੇਣ ਦੇ ਚੱਕਰ ‘ਚ ਪਰਿਵਾਰ ਨੇ ਜ਼ਹਿਰ ਨਿਗਲ ਲਿਆ ਸੀ, ਜਿਸ ਦੀ ਸਾਰੀ ਜਾਂਚ ਕਰਨ ਤੋਂ ਬਾਅਦ ਸੱਚ ਕੀ ਹੈ ਸਾਹਮਣੇ ਲਿਆਂਦਾ ਜਾਵੇਗਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਰਦੀਪ ਸਿੰਘ ਟ੍ਰੈਵਲ ਏਜੰਟ ਵਜੋਂ ਕੰਮ ਕਰਦਾ ਹੈ, ਜੋ ਲੋਕਾਂ ਨੂੰ ਵਿਦੇਸ਼ ਲਈ ਜਿਹੜੇ ਪੈਸੇ ਲੈਂਦਾ ਹੈ ਉਹ ਕਿਤੇ ਫਸ ਗਏ ਤੇ ਲੋਕ ਉਸ ਤੋਂ ਵਾਰ ਵਾਰ ਪੈਸਿਆਂ ਨੂੰ ਵਾਪਸ ਕਰਨ ਦੀ ਮੰਗ ਕਰ ਰਹੇ ਹਨ। ਰੁਚੀ ਜਸਵਾਲ ਪਤਨੀ ਹਰਦੀਪ ਸਿੰਘ ਕਿਤੇ ਪ੍ਰਾਈਵੇਟ ਨੌਕਰੀ ਕਰਦੀ ਹੈ।