ਰਾਏਕੋਟ, 15 ਮਾਰਚ : ਬੀਤੀ ਰਾਤ ਪਿੰਡ ਜਲਾਲਦੀਵਾਲ ਵਿਚ ਇਕ ਵਿਅਕਤੀ ਨੇ ਉਧਾਰ ਦਿਤੇ 1500 ਰੁਪਇਆ ਦੇ ਲੈਣ ਦੇਣ ਦੇ ਕਾਰਨ ਹੋਏ ਝਗੜੇ ਵਿੱਚ ਦੂਸਰੇ ਵਿਅਕਤੀ ਦੇ ਸਿਰ ਤੇ ਕੋਈ ਚੀਜ਼ ਮਾਰ ਕੇ ਉਸ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿੱਚ ਮੁਕਦਮਾ ਨੰਬਰ 13 ਧਾਰਾ 302 ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸਦਰ ਅੰਮ੍ਰਿਤਪਾਲ ਸਿੰਘ ਅਤੇ ਸਬੰਧਤ ਚੌਂਕੀ ਜਲਾਲਦੀਵਾਲ ਦੇ ਚਾਰਜ ਲਖਵੀਰ ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 9-00 ਵਜੇ ਦੇ ਕਰੀਬ ਮ੍ਰਿਤਕ ਜਸਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਜਦ ਰਾਤ ਆਪਣੇ ਘਰ ਪਿੰਡ ਜਲਾਲਦੀਵਾਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਮੁਲਾਕਾਤ ਸੁਸ਼ੀਲ ਕੁਮਾਰ ਤੋਤੀ ਪੁੱਤਰ ਪੱਪੂ ਵਾਸੀ ਪਿੰਡ ਜਲਾਲਦੀਵਾਲ ਨਾਲ ਹੋ ਗਈ ਅਤੇ ਉਨਾਂ ਦਰਮਿਆਨ ਪੈਸਿਆਂ ਦੇ ਲੈਣ ਦੇਣ ਕਾਰਨ ਹੋਏ ਝਗੜੇ ਵਿੱਚ ਸੁਸ਼ੀਲ ਕੁਮਾਰ ਤੋਤੀ ਨੇ ਜਸਵੰਤ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਕੋਈ ਭਾਰੀ ਚੀਜ਼ ਨਾਲ ਵਾਰ ਕੀਤਾ, ਜਦ ਜਸਵੰਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਕੀਤੀ ਗਈ ਮੁਢਲੀ ਜਾਂਚ ਉਪਰੰਤ ਮ੍ਰਿਤਕ ਜਸਵੰਤ ਸਿੰਘ ਦੇ ਭਰਾ ਜੋਗਿੰਦਰ ਸਿੰਘ ਦੇ ਬਿਆਨਾਂ ਤੇ ਕਥਿਤ ਦੋਸ਼ੀ ਸੁਸ਼ੀਲ ਕੁਮਾਰ ਤੋਤੀ ਵਿਰੁੱਧ ਧਾਰਾ 302, ਤਹਿਤ ਮੁਕਦਮਾ ਨੰਬਰ 13 ਦਰਜ ਕੀਤਾ ਗਿਆ ਹੈ।