ਫਤਿਹਗੜ੍ਹ ਸਾਹਿਬ, 02 ਜੂਨ : ਫਤਿਹਗੜ੍ਹ ਸਾਹਿਬ ਵਿਚ ਅੱਜ ਸਵੇਰੇ ਲਗਭਗ 4 ਵਜੇ ਰੇਲ ਹਾਦਸਾ ਵਾਪਰਿਆ ਹੈ। ਇਥੇ 2 ਗੱਡੀਆਂ ਦੀ ਟੱਕਰ ਹੋ ਗਈ। ਇਕ ਮਾਲਗੱਡੀ ਦਾ ਇੰਜਣ ਪਲਟ ਗਿਆ ਤੇ ਪੈਸੇਂਜਰ ਗੱਡੀ ਵੀ ਲਪੇਟ ਵਿਚ ਆਈ। ਹਾਦਸੇ ਵਿਚ 2 ਲੋਕੋ ਪਾਇਲਟ ਜ਼ਖਮੀ ਹੋਏ ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਜਾਣਕਾਰੀ ਮੁਤਾਬਕ ਹਾਦਸਾ ਮਾਲਗੱਡੀ ਲਈ ਬਣੇ DFCC ਟ੍ਰੈਕ ਦੇ ਨਿਊ ਸਰਹਿੰਦ ਸਟੇਸ਼ਨ ਕੋਲ ਹੋਇਆ। ਇਥੇ ਪਹਿਲਾਂ ਤੋਂ ਕੋਲੇ ਨਾਲ ਲੋਡ 2 ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲਗੱਡੀ ਦਾ ਇੰਜਣ ਖੁੱਲ੍ਹ ਕੇ ਦੂਜੀ ਨਾਲ ਟਕਰਾਇਆ। ਇਸ ਦੇ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ ਤਵੀ ਵੱਲ ਜਾ ਰਹੀ ਪੈਸੇਂਜਰ ਗੱਡੀ ਵਿਚ ਫਸ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮਾਲਗੱਡੀ ਦੀਆਂ ਬੋਗੀਆਂ ਵੀ ਇਕ ਦੂਜੇ ‘ਤੇ ਚੜ੍ਹ ਗਈਆਂ। ਹਾਲਾਂਕਿ ਪੈਸੇਂਜਰ ਗੱਡੀ ਵਿਚ ਕਿਸੇ ਯਾਤਰੀ ਨੂੰ ਨੁਕਸਾਨ ਦੀ ਸੂਚਨਾ ਨਹੀਂ ਹੈ। ਜਿਵੇਂ ਹੀ ਇੰਜਣ ਦੀ ਪੈਸੇਂਜਰ ਗੱਡੀ ਨਾਲ ਟੱਕਰ ਹੋਈ ਤਾਂ ਇਸ ਵਿਚ ਸਵਾਰ ਸੈਂਕੜੇ ਯਾਤਰੀਆਂ ਵਿਚ ਚੀਖ-ਚਿਹਾੜਾ ਮਚ ਗਿਆ। ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਡਾ. ਇਰਵਿਨਪ੍ਰੀਤ ਕੌਰ ਨੇ ਦੱਸਿਆ ਕਿ ਰੇਲ ਹਾਦਸੇ ਦੇ ਬਾਅਦ ਦੋ ਲੋਕੋ ਪਾਇਲਟ ਇਥੇ ਲਿਆਂਦੇ ਗਏ ਸਨ। ਉਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਵਿਕਾਸ ਨੂੰ ਹੈੱਡ ਇੰਜਰੀ ਹੈ ਤੇ ਹਿਮਾਂਸ਼ੂ ਦੇ ਪਿੱਠ ਵਿਚ ਸੱਟ ਲੱਗੀ ਹੈ। ਦੋਵਾਂ ਨੂੰ ਫਸਟ ਏਡ ਦੇਣ ਦੇ ਬਾਅਦ ਪਟਿਆਲਾ ਰੈਫਰ ਕੀਤਾ ਗਿਆ। ਦੂਜੇ ਪਾਸੇ ਸਰਹਿੰਦ ਦੇ ਥਾਣਾ ਇੰਚਾਰਜ ਰਤਨਲਾਲ ਨੇ ਦੱਸਿਆ ਕਿ ਪੈਸੇਂਜਰ ਗੱਡੀ ਅੰਬਾਲਾ ਵੱਲ ਜਾ ਰਹੀ ਸੀ। ਜਦੋਂ ਉਹ ਸਰਹਿੰਦ ਸਟੇਸ਼ਨ ‘ਤੇ ਖੜ੍ਹੀ ਸੀ, ਉਦੋਂ ਇਹ ਹਾਦਸਾ ਹੋ ਗਿਆ। ਹੁਣ ਇਹ ਹਾਦਸਾ ਕਿਵੇਂ ਹੋਇਆ, ਇਹ ਜਾਂਚ ਦਾ ਵਿਸ਼ਾ ਹੈ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਬਿਲਕੁਲ ਠੱਪ ਹੋ ਗਿਆ ਹੈ। ਅੰਬਾਲਾ ਡਵੀਜ਼ਨ ਦੇ ਡੀਆਰਐੱਮ ਸਣੇ ਰੇਲਵੇ, ਜੀਆਰਪੀ ਤੇ ਆਰਪੀਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਹਨ।
ਮੁੱਖ ਮੰਤਰੀ ਨੇ ਚਿੰਤਾ ਕੀਤੀ ਪ੍ਰਗਟ
ਸਰਹਿੰਦ ਰੇਲਵੇ ਸਟੇਸ਼ਨ ‘ਤੇ ਦੋ ਟਰੇਨਾਂ ਦੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਆਦੇਸ਼ ਜਾਰੀ ਕੀਤੇ ਹਨ। ਅੱਜ ਸਵੇਰੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਦੋ ਰੇਲ ਗੱਡੀਆਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ…ਰੱਬ ਦਾ ਸ਼ੁਕਰ ਹੈ ਕਿ ਇਸ ਹਾਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ…ਪ੍ਰਸ਼ਾਸਨ ਨੂੰ ਮੌਕੇ ‘ਤੇ ਪਹੁੰਚ ਕੇ ਹਰ ਸੰਭਵ ਮਦਦ ਲਈ ਆਦੇਸ਼ ਜਾਰੀ ਕਰ ਦਿੱਤੇ ਨੇ…
ਰੇਲ ਹਾਦਸੇ ਤੋਂ ਬਾਅਦ 51 ਰੇਲ ਗੱਡੀਆਂ ਹੋਈਆਂ ਪ੍ਰਭਾਵਿਤ
ਫਤਿਹਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਐਤਵਾਰ ਸਵੇਰੇ 4 ਵਜੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਉੱਤਰੀ ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 'ਤੇ ਜਾਣਕਾਰੀ ਲਈ ਜਾ ਸਕਦੀ ਹੈ। ਰੇਲ ਹਾਦਸੇ ਵਿੱਚ 51 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਜਾਣਕਾਰੀ ਰੇਲਵੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਲੇ ਨਾਲ ਲੱਦੀ ਰੇਲਗੱਡੀ ਸਮਰਪਿਤ ਫਰੇਟ ਕੋਰੀਡੋਰ ਦੇ ਨਿਊ ਸਰਹਿੰਦ ਸਟੇਸ਼ਨ 'ਤੇ ਖੜ੍ਹੀ ਸੀ, ਜਿਸ ਨੂੰ ਰੋਪੜ ਭੇਜਿਆ ਜਾਣਾ ਸੀ। ਇਸੇ ਟ੍ਰੈਕ 'ਤੇ ਪਿੱਛੇ ਤੋਂ ਕੋਲੇ ਨਾਲ ਭਰੀ ਇਕ ਹੋਰ ਰੇਲਗੱਡੀ ਆਈ, ਜੋ ਪਹਿਲਾਂ ਤੋਂ ਖੜ੍ਹੀ ਕੋਲੇ ਦੀ ਮਾਲ ਗੱਡੀ ਨਾਲ ਟਕਰਾ ਗਈ। ਇਸ ਕਾਰਨ ਮਾਲ ਗੱਡੀ ਦਾ ਇੰਜਣ ਪਲਟ ਗਿਆ। ਇਸ ਦੌਰਾਨ ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ ਸਮਰ ਐਕਸਪ੍ਰੈਸ (04681) ਅੰਬਾਲਾ ਤੋਂ ਲੁਧਿਆਣਾ ਵੱਲ ਜਾਣ ਲਈ ਰਵਾਨਾ ਹੋਈ। ਜਦੋਂ ਇਹ ਟਰੇਨ ਨਿਊ ਸਰਹਿੰਦ ਸਟੇਸ਼ਨ ਨੇੜੇ ਪਹੁੰਚੀ ਤਾਂ ਇਸ ਦੀ ਰਫ਼ਤਾਰ ਧੀਮੀ ਸੀ। ਇਸ ਦੌਰਾਨ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਦੋਂ ਇੰਜਣ ਪਲਟ ਗਿਆ ਤਾਂ ਇਹ ਯਾਤਰੀ ਟਰੇਨ ਨਾਲ ਟਕਰਾ ਗਿਆ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜਾਂਚ ਵਿੱਚ ਲੱਗੇ ਹੋਏ ਹਨ।