ਜਗਰਾਓ, 25 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਲੁਧਿਆਣਾ-ਫਿਰੋਜ਼ਪੁਰ ਹਾਈਵੇ ਤੇ ਦੇਰ ਰਾਤ ਸੰਘਣੀ ਧੁੰਦ ਕਾਰਨ ਹੋਏ ਭਿਆਨਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਸਾਜਨ ਪਾਸਵਾਨ ਅਤੇ ਉਸ ਦਾ ਸਾਥੀ ਲਕਸ਼ਮਣ ਦਾਸ ਕੰਮ ਖਤਮ ਕਰਕੇ ਦੇਰ ਰਾਤ ਕਰੀਬ 12 ਵਜੇ ਆਪਣੇ ਪਿੰਡ ਵਿਰਕ ਨੂੰ ਜਾ ਰਹੇ ਸਨ। ਜਦੋਂ ਉਹ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਿੱਧਵਾਂ ਖੁਰਦ ਕਾਲਜ ਰੋਡ ’ਤੇ ਸਥਿਤ ਕੱਟ ਤੋਂ ਪਿੰਡ ਵੱਲ ਜਾਣ ਲਈ ਮੁੜਨ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਦੋਵਾਂ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ 'ਚ ਸਾਜਨ ਪਾਸਵਾਨ, ਲਕਸ਼ਮਣ ਦਾਸ ਅਤੇ ਸੂਰਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ। ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 12.30 ਵਜੇ ਵਾਪਰੀ। ਉਸ ਨੇ ਦੱਸਿਆ ਕਿ ਜਦੋਂ ਉਹ ਸਿਵਲ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਜਨ, ਲਕਸ਼ਮਣ ਅਤੇ ਸੂਰਜ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਜ਼ਖਮੀ ਪਰਗਟ ਅਤੇ ਸੁਖਦੀਪ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ।