ਚੰਡੀਗੜ੍ਹ, 8 ਜੂਨ : ਜੇ ਕੋਈ ਸੁਰੱਖਿਆ ਜਾਂਚ ਦੌਰਾਨ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਮੈਂ ਇਸ ਦਾ ਸਮਰਥਨ ਨਹੀਂ ਕਰਦਾ, ਇੰਨ੍ਹਾਂ ਸ਼ਬਦਾਂ ਦਾ ਪ੍ਰਟਾਵਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ, ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਬਾਅਦ ਵਿੱਚ ਕੰਗਨਾ ਰਣੌਤ ਨੇ ਪੂਰੇ ਪੰਜਾਬ ਨੂੰ ਅੱਤਵਾਦੀ ਕਿਹਾ ਕੀ ਉਹ ਸਹੀ ਹੈ। ਉਨ੍ਹਾਂ ਕੰਗਨਾ ਰਣੌਤ ਨੂੰ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਵਾਰ-ਵਾਰ ਅੱਤਵਾਦੀ ਅਤੇ ਮਾੜੀ ਸ਼ਬਦਾਵਲੀ ਬੋਲਣ ਵਾਲੀ ਇਹ ਔਰਤ ਅੱਤਵਾਦ ਵੇਲੇ ਕਿਥੇ ਸੀ। ਉਸ ਵੇਲੇ ਭਾਜਪਾ ਕਿੱਥੇ ਸੀ। ਉਸ ਵੇਲੇ ਸੈਂਕੜੇ ਕਾਂਗਰਸੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ। ਰੰਧਾਵਾ ਨੇ ਕਿਹਾ ਕਿ ਮੈਂ ਕੰਗਨਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਸੋਚੋ ਅਤੇ ਫਿਰ ਬੋਲੋ, ਅਸੀਂ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਖੂਨ ਵਹਾਇਆ ਹੈ। ਸਾਨੂੰ ਨਹੀਂ ਪਤਾ ਕਿ ਉਹ ਉਸ ਸਮੇਂ ਕਿੱਥੇ ਸੀ ਜਾਂ ਭਾਜਪਾ ਕਿੱਥੇ ਸੀ, ਉਸ ਨੇ ਜੋ ਕਿਹਾ ਉਹ ਗਲਤ ਹੈ ਅਤੇ ਸੰਸਦ ਵਿੱਚ ਜਵਾਬ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਸੀਆਈਐੱਸਐੱਫ਼ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਬੌਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਥੱਪੜ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਜ਼ਮਾਨਤਯੋਗ ਧਾਰਾਵਾਂ 323 ਅਤੇ 341 ਤਹਿਤ ਕੇਸ ਦਰਜ ਕੀਤਾ ਹੈ।