ਚੰਡੀਗੜ੍ਹ, 14 ਫਰਵਰੀ : ਪੰਜਾਬ ਅਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਮਾਰਚ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸ਼ੰਭੂ, ਖਨੌਰੀ ਸਮੇਤ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਦਿੱਲੀ ਨਾਲ ਲੱਗਦੇ ਸਿੰਘੂ ਅਤੇ ਟਿੱਕਰੀ ਸਰਹੱਦ 'ਤੇ ਵੀ ਸੀਮਿੰਟ ਦੇ ਬੈਰੀਕੇਡ ਲਗਾਏ ਗਏ ਹਨ। ਕਿਸਾਨਾਂ ਨੇ ਅੱਜ ਦਿੱਲੀ ਵੱਲ ਕੂਚ ਕੀਤਾ ਤਾਂ ਹਰਿਆਣਾ ਦੀ ਸਰਹੱਦ ਉਪਰ ਉਨ੍ਹਾਂ ਨੂੰ ਰੋਕ ਲਿਆ ਗਿਆ। ਇਸ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਹਾਲਾਤ ਤਣਾਅਪੂਰਨ ਬਣ ਗਏ। ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਗਿਆ। ਹਾਲਾਂਕਿ ਕਿਸਾਨ ਇਸ ਨਾਲ ਜ਼ਿਆਦਾ ਭੜਕੇ ਨਹੀਂ ਹਨ। ਕਿਸਾਨਾਂ ਨੇ ਸ਼ੰਭੂ ਬਾਰਡਰ ਉਪਰ ਹੀ ਰਾਤ ਬਿਤਾਈ ਅਤੇ ਦੂਜੇ ਦਿਨ ਕਿਸਾਨਾਂ ਨੇ ਸਵੇਰੇ 11 ਵਜੇ ਸ਼ੰਭੂ ਬਾਰਡਰ ਵੱਲ ਨੂੰ ਮੁੜ ਤੋਂ ਕੂਚ ਕਰਨ ਦਾ ਫੈਸਲਾ ਲਿਆ ਹੈ। ਦਰਅਸਲ 2021 ਦੇ ਧਰਨੇ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਉਤਰੇ ਹਨ। ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨੇ-ਮੁਜ਼ਾਹਰੇ ਕਰਨ ਦਾ ਸੱਦਾ ਦੇ ਰਹੇ ਹਨ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਸੂਬੇ ਦੀਆਂ ਸਰਹੱਦਾਂ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕੱਲ੍ਹ-ਸ਼ਾਮ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ। ਚੰਡੀਗੜ੍ਹ ਵਿੱਚ ਮੀਟਿੰਗ ਕਰਨ ਲਈ ਫਿਰ ਤੋਂ ਕੇਂਦਰੀ ਮੰਤਰੀ ਆਉਣਗੇ। ਕਿਸਾਨ ਆਗੂ ਅੱਜ ਸ਼ਾਮ 6 ਵਜੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ। ਪੰਜਾਬ ਸਰਕਾਰ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰ ਨਾਲ ਆਪਣੀ ਮੀਟਿੰਗ ਕਰੇਗੀ। ਖਨੌਰੀ ਸਰਹੱਦ 'ਤੇ ਕਿਸਾਨਾਂ ਅਤੇ ਨੀਮ ਫੌਜੀ ਬਲਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਜਵਾਨਾਂ ਦੇ ਹੈਲਮੇਟ ਅਤੇ ਡੰਡੇ ਖੋਹ ਲਏ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪਾਣੀ ਪੀਣ ਗਏ ਸੀ। ਫ਼ੌਜਾਂ ਨੇ ਸੋਚਿਆ ਕਿ ਉਹ ਉਨ੍ਹਾਂ 'ਤੇ ਹਮਲਾ ਕਰਨ ਆਏ ਹਨ। 50-60 ਸਿਪਾਹੀ ਲਾਠੀਆਂ ਲੈ ਕੇ ਸਾਡੇ ਪਿੱਛੇ ਭੱਜੇ। ਬਾਅਦ ਵਿੱਚ ਗਿਣਤੀ ਵਧ ਗਈ ਅਤੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਮੋਰਚਾ ਸੰਭਾਲ ਲਿਆ ਤੇ ਡੰਡੇ ਖੋਹ ਲਏ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਅਤੇ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕੱਢਣ ਲਈ ਤਿਆਰ ਹਨ। ਅਸੀਂ ਉਨ੍ਹਾਂ ਲਈ ਇਹ ਕਹਿਣ ਦੀ ਕੋਈ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੇ ਕਿ ਅਸੀਂ ਉਨ੍ਹਾਂ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਅਸੀਂ ਆਪਣੇ ਸਾਥੀਆਂ ਤੋਂ ਇਜਾਜ਼ਤ ਲੈ ਲਈ ਹੈ ਅਤੇ ਹੁਣ ਅਸੀਂ ਸਰਕਾਰ ਨਾਲ ਗੱਲਬਾਤ ਕਰਾਂਗੇ। ਸਾਡੀ ਤਰਜੀਹ ਇਹ ਹੈ ਕਿ ਗੱਲਬਾਤ ਚੰਡੀਗੜ੍ਹ ਜਾਂ ਧਰਨੇ ਵਾਲੀ ਥਾਂ ਦੇ ਨੇੜੇ ਕਿਤੇ ਵੀ ਹੋਵੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੁਣ ਲੋਕਾਂ ਨੂੰ ਕਿਸਾਨਾਂ ਲਈ ਡਟਣਾ ਚਾਹੀਦਾ ਹੈ। ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਪਿੰਡ ਤੋਂ ਵੱਡੀ ਗਿਣਤੀ ਵਿੱਚ ਬੋਰੀਆਂ, ਬਾਲਟੀਆਂ ਅਤੇ ਗਲਾਸ ਲੈ ਕੇ ਖਨੌਰੀ ਬਾਰਡਰ ਵਿਖੇ ਪਹੁੰਚਣ ਤਾਂ ਜੋ ਸਰਕਾਰੀ ਅੱਤਿਆਚਾਰਾਂ ਦਾ ਸਬਰ ਨਾਲ ਸਾਹਮਣਾ ਕਰਦੇ ਹੋਏ ਦਿੱਲੀ ਵੱਲ ਮਾਰਚ ਕੀਤਾ ਜਾ ਸਕੇ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼ਾਮ ਤੱਕ ਸਰਕਾਰ ਵੱਲੋਂ ਸੱਦੇ ਦੀ ਉਡੀਕ ਕੀਤੀ ਜਾਵੇਗੀ। ਜੇਕਰ ਕੋਈ ਸੱਦਾ ਨਹੀਂ ਮਿਲਦਾ ਹੈ ਤਾਂ ਉਹ ਅਗਲੀ ਰੂਪਰੇਖਾ ਉਲੀਕਣਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਸਾਡਾ ਉਦੇਸ਼ ਬੈਰੀਕੇਡ ਤੋੜਨਾ ਨਹੀਂ ਹੈ। ਅਸੀਂ ਕਹਿ ਰਹੇ ਹਾਂ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਸਾਨੂੰ ਸੰਵਿਧਾਨ ਅਨੁਸਾਰ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਦੇਵੇ। ਸਾਡੇ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸਰਵਨ ਪੰਧੇਰ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਉਸ ਬਿਆਨ ਦਾ ਵੀ ਵਿਰੋਧ ਕੀਤਾ, ਜਿਸ ਵਿੱਚ ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਦੀ ਸੂਚੀ ਵਧਾਉਣ ਦੀ ਗੱਲ ਕੀਤੀ ਸੀ। ਪੰਧੇਰ ਨੇ ਦੋਸ਼ ਲਾਇਆ ਕਿ ਇਹ ਉਹੀ ਮੰਗਾਂ ਸਨ ਜੋ ਪਹਿਲੇ ਦਿਨ ਭੇਜੀਆਂ ਗਈਆਂ ਸਨ। ਸਾਡੇ 'ਤੇ ਖਾਲਿਸਤਾਨ ਦਾ ਟੈਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡਰੋਨਾਂ ਨੂੰ ਰੋਕਣ ਲਈ ਉਡਾਏ ਪਤੰਗ
ਪੁਲਿਸ ਵੱਲੋਂ ਨਿਗਰਾਨੀ ਅਤੇ ਅੱਥਰੂ ਗੈਸ ਗੋਲੇ ਸੁੱਟ ਲਈ ਭੇਜੇ ਜਾ ਰਹੇ ਡਰੋਨਾਂ ਨੂੰ ਰੋਕਣ ਲਈ ਕਿਸਾਨ ਪਤੰਗ ਉਡਾ ਰਹੇ ਹਨ ਅਤੇ ਸ਼ੰਭੂ ਸਰਹੱਦ 'ਤੇ ਅੱਥਰੂ ਗੈਸ ਦੇ ਗੋਲੇ ਛੱਡ ਰਹੇ ਹਨ। ਸ਼ੰਭੂ ਬੋਰਡਰ 'ਤੇ ਕਿਸਾਨਾਂ ਨੇ ਅੱਗੇ ਵਧਣ ਲਈ ਵੱਡੀਆਂ ਤਿਆਰੀਆਂ ਕਰ ਲਈਆਂ ਹਨ। ਕਿਸਾਨ ਸਿਰਫ਼ 'ਤੇ ਮੁਲਤਾਨੀ ਮਿੱਟੀ ਲੱਗਦੇ ਹਨ ਤਾਂ ਆਂਸੂ ਗੈਸ ਦਾ ਪ੍ਰਭਾਵ ਘੱਟ ਹੁੰਦਾ ਹੈ। ਨਾਲ ਹੀ ਕਈ ਕਿਸਾਨਾਂ ਨੇ ਬੌਡੀ ਪ੍ਰੋਟੈਕਟਰ ਵੀ ਪਹਿਨੇ ਹਨ। ਜੋ ਟਰੈਕਟਰ ਸਭ ਤੋਂ ਅੱਗੇ ਚੱਲਣਗੇ ਸਾਹਮਣੇ ਲੋਹੇ ਦੀ ਚਾਦਰ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਗਿੱਲੀਆਂ ਬੋਰੀਆਂ ਦਾ ਸਹਾਰਾ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਮਿੱਟੀ ਉਡਾਉਣ ਦੀ ਮਸ਼ੀਨ ਵੀ ਮੰਗਵਾਈ ਗਈ ਹੈ।